ਅੰਮ੍ਰਿਤਸਰ 10 ਜੁਲਾਈ 2024—
ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਅਧੀਨ ਸੰਗਠਿਤ ਬਾਲ ਸੁਰੱਖਿਆ ਸਕੀਮ ਅਧੀਨ ਬੇਸਹਰਾ, ਲੋੜਵੰਦ ਅਤੇ ਅਨਾਥ ਬੱਚਿਆਂ ਲਈ ਸਪਾਂਸਰਸ਼ਿਪ ਸਕੀਮ ਚਲਾਈ ਜਾ ਰਹੀ ਹੈ। ਜਿਸ ਅਨੁਸਾਰ ਚੁਣੇ ਗਏ ਬੱਚਿਆਂ ਨੂੰ ਪ੍ਰਤੀ ਬੱਚਾ ਪ੍ਰਤੀ ਮਹੀਨਾ 2000/- ਰੁਪਏ ਦੀ ਸਪਾਂਸਰਸ਼ਿਪ ਦਿੱਤੀ ਜਾਂਦੀ ਸੀ ਨੂੰ ਵਧਾ ਕੇ ਪ੍ਰਤੀ ਬੱਚਾ ਪ੍ਰਤੀ ਮਹੀਨਾ 4000/- ਰੁਪਏ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਅਧੀਨ ਸੰਗਠਿਤ ਬਾਲ ਸੁਰੱਖਿਆ ਸਕੀਮ ਨੂੰ ਬਦਲ ਕੇ ਮਿਸ਼ਨ ਵਤਸੱਲਿਆ ਦਾ ਨਾਮ ਦੇ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਬੇਸਹਰਾ, ਲੋੜਵੰਦ ਅਤੇ ਅਨਾਥ ਬੱਚਿਆਂ ਨੂੰ ਵਿੱਤੀ ਲਾਭ ਦੇਣ ਲਈ ਜਿਲ੍ਹਾ ਪੱਧਰ ਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਡਿਪਟੀ ਕਮਿਸ਼ਨਰ ਚੇਅਰਪਰਸਨ ਹਨ ਅਤੇ ਇਸ ਕਮੇਟੀ ਦੇ ਮੈਂਬਰ ਸੈਕਟਰੀ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਦੀਆਂ ਗਾਈਡਲਾਇਨਜ਼ ਅਨੁਸਾਰ ਸ਼ਹਿਰੀ ਖੇਤਰ ਨਾਲ ਸਬੰਧਤ ਉਹ ਪਰਿਵਾਰ ਜਿਨ੍ਹਾਂ ਦੀ ਸਾਲਾਨਾ ਆਮਦਨ 96000/- ਰੁਪਏ ਤੋਂ ਘੱਟ ਅਤੇ ਪੇਂਡੂ ਖੇਤਰਾਂ ਵਿੱਚ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 72000/- ਰੁਪਏ ਤੋਂ ਘੱਟ ਹੈ। ਉਹ ਪਰਿਵਾਰ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਵਿਧਵਾ/ਤਲਾਕਸ਼ੁਦਾ, ਯਤੀਮ ਬੱਚੇ, ਜਾਨਲੇਵਾ ਬਿਮਾਰੀ ਦਾ ਸ਼ਿਕਾਰ ਬੱਚੇ, ਐਚ.ਆਈ.ਵੀ.ਏਡਜ਼ ਤੋਂ ਪ੍ਰਭਾਵਿਤ ਪਰਿਵਾਰ, ਬਾਲ ਭਿੱਖਿਆ ਕਰਦੇ ਬੱਚੇ, ਪੀ.ਐਮ. ਕੇਅਰਜ਼ ਸਕੀਮ ਅਧੀਨ ਆਉਂਦੇ ਬੱਚੇ, ਬਾਲ ਮਜ਼ਦੂਰੀ ਕਰਦੇ ਬੱਚੇ, ਬਾਲ ਵਿਆਹ ਤੇ ਪੀੜ੍ਹਤ ਬੱਚੇ ਆਦਿ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੋਸਟਰ ਕੇਅਰ ਅਪਰੂਵਲ ਕਮੇਟੀ ਵਲੋਂ ਅੱਜ 29 ਬੱਚਿਆਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਰਾਸ਼ੀ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਇਹ ਰਾਸ਼ੀ ਸਿੱਧਾ ਉਨਾਂ ਦੇ ਖਾਤਿਆਂ ਵਿੱਚ ਜਾਵੇਗੀ।