ਮਾਲੇਰਕੋਟਲਾ 21 ਮਾਰਚ :
ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਦਿਹਾਤੀ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ /ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਕੰਮਾਂ ਦੀ ਪ੍ਰਗਤੀ ਦੀ ਰਿਪੋਰਟ ਪਿੰਡ ਵਾਈਜ਼ ਤਿਆਰ ਕਰਕੇ ਜਮ੍ਹਾਂ ਕਰਵਾਉਣ ਅਤੇ ਨਜਾਇਜ ਕਬਜ਼ਿਆਂ ਸਬੰਧ ਚੱਲ ਰਹੇ ਕੋਰਟ ਕੇਸਾਂ ਸਬੰਧੀ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਜਲਦ ਤੋਂ ਜਲਦ ਜਮ੍ਹਾਂ ਕਰਵਾਉਂਣ ਨੂੰ ਤਰਜ਼ੀਹ ਦੇਣ ਤਾਂ ਜੋ ਕੇਸ ਦੀ ਉਚਿੱਤ ਪੈਰਵੀ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਵਿਭਾਗ ਵਲੋਂ ਉਸਾਰੀਆਂ ਜਾ ਰਹੀਆਂ ਜਲ ਸਪਲਾਈ ਸਕੀਮਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਰਾਹੀਂ ਕਰਵਾਏ ਜਾਣ ਵਾਲੇ ਕਾਰਜਾਂ, ਵਿੱਤ ਕਮਿਸ਼ਨ, ਪਿੰਡਾਂ ਵਿੱਚ ਉਸਾਰੇ ਜਾ ਰਹੇ ਸਾਂਝੇ ਪਖਾਨੇ, ਠੋਸ ਤੇ ਤਰਲ ਕੂੜਾ ਪ੍ਰਬੰਧਨ ਦੇ ਪ੍ਰਾਜੈਕਟਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਜ਼ਿਲ੍ਹੇ ਨੂੰ ਸਰਕਾਰ ਦੀਆਂ ਹਦਾਇਤਾ ਅਨੁਸਾਰ ਓ.ਡੀ.ਐਫ.ਪਲੱਸ ਘੋਸ਼ਿਤ ਕਰਵਾਉਣ ਲਈ ਹਰ ਸੰਭਵ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ । ਇਸ ਤੋਂ ਬਿਨ੍ਹਾਂ ਲਿੰਕ ਰੋਡਾਂ ਦੀ ਉਸਾਰੀ, ਮਗਨਰੇਗਾ, ਪੇਂਡੂ ਲਾਇਬ੍ਰੇਰੀਆਂ, ਸਵੱਛ ਭਾਰਤ ਮਿਸ਼ਨ, ਸਾਂਝੇ ਪਖਾਨਿਆਂ ਦੀ ਉਸਾਰੀ,ਠੋਸ ਤੇ ਤਰਲ ਕੂੜਾ ਪ੍ਰਬੰਧਨ ਪ੍ਰਾਜੈਕਟਾਂ, ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਹਰੇਕ ਅਧਿਕਾਰੀ ਪ੍ਰਗਤੀ ਦਿਖਾਵੇ ਤੇ ਕਿਸੇ ਵੀ ਕੰਮ ਵਿੱਚ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਡਿਪਟੀ ਕਮਿਸ਼ਨਰ ਨੇ ਸਮੂਹ ਵਿਕਾਸ਼ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿੱਚ ਗੁਣਵੰਤਾ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਅਤੇ ਕੰਮ ਤਹਿ ਸਮੇਂ ਸੀਮਾਂ ਤਹਿਤ ਮੁਕੰਮਲ ਕੀਤੇ ਜਾਣ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੰਜਾਬ ਨਿਰਮਾਣ,ਐਮ.ਪੀ. ਲੈਡ ਦੇ ਚੱਲ ਰਹੇ ਕੰਮਾਂ ਨੂੰ ਜਲਦ ਮੁਕੰਮਲ ਕਰਵਾਉਣ ਅਤੇ ਪਿਛਲੀਆਂ ਗ੍ਰਾਂਟਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਕੇ ਏ.ਸੀ./ਡੀ.ਸੀ. ਬਿਲਾਂ ਦਾ ਬਕਾਇਆ ਜ਼ੀਰੋ ਕਰਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ, ਐਸ.ਡੀ.ਐਮ ਮਾਲੇਰਕੋਟਲਾ/ਅਹਿਮਦਗੜ੍ਹ ਹਰਬੰਸ ਸਿੰਘ, ਐਸ.ਡੀ.ਐਮ ਅਮਰਗੜ੍ਹ ਰਾਕੇਸ਼ ਪ੍ਰਕਾਸ਼, ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ, ਡੀ.ਡੀ.ਪੀ.ਓ ਰਿੰਪੀ ਗਰਗ, ਐਕਸ਼ੀਅਨ ਪੀ.ਡਬਲਿਊ.ਡੀ ਪਰਨੀਤ ਕੌਰ ਟਿਵਾਣਾ,ਐਕਸ਼ੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ,ਐਕਸ਼ੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜ.ਗੁਰਵਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।