ਰੂਪਨਗਰ, 8 ਮਾਰਚ: ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਕੇ ਉੱਥੇ ਇਲਾਜ ਅਧੀਨ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਸ਼ੇ ਨੂੰ ਤਿਆਗਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਰੀਜ਼ਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਤੁਹਾਡੇ ਵੱਲੋਂ ਨਸ਼ਾ ਛੱਡਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵਾਂ ਸੁਣਹਿਰਾ ਅਧਿਆਇ ਸ਼ੁਰੂ ਹੋ ਸਕਦਾ ਹੈ।
ਇਸ ਮੌਕੇ ’ਤੇ, ਕੇਂਦਰ ਵਿੱਚ ਉਪਲਬਧ ਸਹੂਲਤਾਂ ਦੀ ਸਮੀਖਿਆ ਕਰਦੇ ਹੋਏ, ਉਨ੍ਹਾਂ ਨੇ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਕਿ ਮਰੀਜ਼ਾਂ ਨੂੰ ਵਧੀਆ ਇਲਾਜ ਅਤੇ ਸਹਿਯੋਗ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਮਰੀਜ਼ਾਂ ਨੂੰ ਵਿਸ਼ਵਾਸ ਦਿਵਾਇਆ ਕਿ ਨਸ਼ਾ ਛੱਡਣ ਨਾਲ ਉਨ੍ਹਾਂ ਦੀ ਜ਼ਿੰਦਗੀ ਮੁੜ ਲੀਹ ਉੱਤੇ ਆ ਸਕਦੀ ਹੈ ਅਤੇ ਤੁਸੀਂ ਵੀ ਸਮਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਹੋਰ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੇ ਹੋ।
ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਲਤ ਸਿਰਫ਼ ਵਿਅਕਤੀਕਤ ਜੀਵਨ ਹੀ ਨਹੀਂ, ਸਗੋਂ ਪਰਿਵਾਰ ਅਤੇ ਸਮਾਜ ਉੱਤੇ ਵੀ ਗੰਭੀਰ ਪ੍ਰਭਾਵ ਪਾਉਂਦੀ ਹੈ। ਇਸ ਲਈ, ਇਸ ਤੋਂ ਮੁਕਤ ਹੋਣਾ ਹੀ ਨਿਰਣਾਇਕ ਹੁੰਦਾ ਹੈ।
ਸ੍ਰੀ ਹਿਮਾਂਸ਼ੂ ਜੈਨ ਨੇ ਕੇਂਦਰ ਵਿੱਚ ਦਾਖਲ ਸੱਤ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਆਪ ਸੱਭ ਦੀ ਬਿਹਤਰੀ ਲਈ ਮੁਫ਼ਤ ਇਲਾਜ ਸੇਵਾਵਾਂ ਮੁਹਈਆ ਕਰਵਾ ਰਹੀ ਹੈ ਅਤੇ ਜਿਸ ਲਈ ਆਪ ਵੱਲੋਂ ਦ੍ਰਿੜਤਾ ਨਾਲ ਨਸ਼ਾ ਛੱਡਣ ਦਾ ਪ੍ਰਣ ਕਰਨਾ ਹੈ ਅਤੇ ਨਸ਼ਾ ਮੁਕਤ ਬਣਨਾ ਹੈ।
ਡਿਪਟੀ ਕਮਿਸ਼ਨਰ ਨੇ ਐਮਰਜੈਂਸੀ ਵਿਭਾਗ ਦੀ ਵੀ ਜਾਂਚ ਕੀਤੀ ਅਤੇ ਉੱਥੇ ਉਪਲਬਧ ਇਲਾਜ ਸੇਵਾਵਾਂ ਦੀ ਸਮੀਖਿਆ ਕਰਕੇ ਵਿਵਸਥਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ।