ਡੀ.ਏ.ਪੀ. ਖਾਦ ਨਾਲ ਬੇਲੋੜੀਆਂ ਵਸਤਾਂ ਟੈਗ ਕਰਨ ’ਤੇ ਹੋਵੇਗੀ ਸਖ਼ਤ ਕਾਰਵਾਈ: ਡਿਪਟੀ ਕਮਿਸ਼ਨਰ

Politics Punjab Sri Muktsar Sahib

ਸ੍ਰੀ ਮੁਕਤਸਰ ਸਾਹਿਬ, 05 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਡੀ.ਏ.ਪੀ.ਖਾਦ ਦੀ ਬਲੈਕ ਮਾਰਕੀਟ ਨੂੰ ਰੋਕਣ ਲਈ ਨਿਗਰਾਨ ਟੀਮਾਂ ਦਾ ਗਠਨ ਕਰ ਦਿੱਤਾ ਹੈ ਤਾਂ ਜੋ ਕੋਈ ਵੀ ਡੀਲਰ ਡੀ.ਏ.ਪੀ.ਖਾਦ ਦੀ ਨਿਰਧਾਰਿਤ ਕੀਤੀ ਕੀਮਤ 1350 ਰੁਪਏ, 046:0 (ਟੀਐਸਪੀ) 1300 ਰੁਪਏ, ਐਨ.ਪੀ.ਕੇ (12:32:16) ਅਤੇ 10:26:26 ਦੀ ਕੀਮਤ 1470 ਰੁਪਏ ਤੋਂ ਵੱਧ ਕਿਸਾਨਾਂ ਤੋਂ ਵਸੂਲ ਨਾ ਕਰ ਸਕਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਟੀਮਾਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ‘ਚ ਡੀ.ਏ.ਪੀ. ਖਾਦ ਦੀ ਵਿਕਰੀ ਦੀ ਨਿਗਰਾਨੀ ਕਰਨਗੀਆਂ ਤਾਂ ਜੋ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜੇਕਰ ਕੋਈ ਡੀਲਰ ਡੀ.ਏ.ਪੀ.ਖਾਦ ਦੀ ਨਿਰਧਾਰਿਤ ਕੀਤੀ ਕੀਮਤ ਤੋਂ ਵੱਧ ਰਕਮ ਵਸੂਲ ਪਾਇਆ ਜਾਂਦਾ ਹੈ ਜਾਂ ਫਿਰ ਬੇਲੋੜੀਆਂ ਵਸਤਾਂ ਟੈਗ ਕਰਕੇ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।