ਫਰੀਦਕੋਟ 11 ਜਨਵਰੀ 2025 ( ) ਜੇਕਰ ਕਣਕ ਦੀ ਫ਼ਸਲ ਵਿਚ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਕਣਕ ਦੀ 10-25 ਫੀਸਦੀ ਪੈਦਾਵਾਰ ਘੱਟ ਸਕਦੀ ਹੈ ਇਸ ਲਈ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦੀ ਸਹੀ ਚੋਣ ਕਰਕੇ ਸਹੀ ਮਾਤਰਾ, ਸਹੀ ਸਮੇਂ ਤੇ ਸਹੀ ਤਕਨੀਕ ਨਾਲ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ।ਇਹ ਜਾਣਕਾਰੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਪਿੰਡ ਬਰਗਾੜੀ ਵਿੱਚ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ,ਜਤਿੰਦਰਪਾਲ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਪਵਨ ਕੁਮਾਰ ਸ਼ਰਮਾ ਖੇਤੀ ਉਪ ਨਿਰੀਖਕ ,ਅਮਨਦੀਪ ਸਿੰਘ ਵੀ ਹਾਜ਼ਰ ਸਨ ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਆਮ ਦੇਖਿਆ ਗਿਆ ਹੈ ਕਿ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਵਿਚੋਂ ਨਦੀਨਾਂ ਦੀ ਰੋਕਥਾਮ ਕਰਨ ਲਈ ਸਹੀ ਛਿੜਕਾਅ ਤਕਨੀਕਾਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਜਿਸ ਕਾਰਨ ਨਦੀਨਾਂ ਦੀ ਸਹੀ ਰੋਕਥਾਮ ਨਹੀਂ ਹੁੰਦੀ ਅਤੇ ਕਣਕ ਦੀ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਨੈਪਸੈਕ ਪੰਪ,ਬੈਟਰੀ ਵਾਲੇ ਛਿੜਕਾਅ ਪੰਪ,ਟਰੈਕਟਰ ਨਾਲ ਚਲਣ ਵਾਲੇ ਪੰਪ ਅਤੇ ਬੂਮ ਛਿੜਕਾਅ ਪੰਪ ਦੀ ਵਰਤੋਂ ਕਰਨ ਸਮੇਂ ਗੋਲ ਨੌਜਲ ਜਾਂ ਗੰਨ ਨੋਜਲ ਵਰਤੀ ਜਾਂਦੀ ਹੈ ਜੋ ਗਲਤ ਹੈ। ਉਨਾਂ ਕਿਹਾ ਕਿ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਫਲੈਟ ਫੈਨ ਜਾਂ ਫਲੱਡ ਜੈਟ (ਟੱਕ ਵਾਲੀ) ਨੋਜ਼ਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਦ ਕਿ ਨਦੀਨਾਂ ਦੇ ਉੱਗਣ ਤੋਂ ਬਾਅਦ ਵਿਚ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਫਲੈਟ ਫੈਨ (ਕੱਟ ਵਾਲੀ ਨੋਜ਼ਲ) ਦੀ ਵਰਤੋਂ ਨੂੰ ਪਹਿਲ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਬੱਦਲਵਾਈ ਜਾਂ ਧੁੰਦ ਵਾਲੇ ਦਿਨਾਂ ਵਿਚ ਨਦੀਨ ਨਾਸ਼ਕ ਦਾ ਛਿੜਕਾਅ ਨਾ ਕੀਤਾ ਜਾਵੇ ,ਸਿਰਫ ਧੁੱਪ ਲੱਗੇ ਦਿਨਾਂ ਵਿਚ ਹੀ ਨਦੀਨ ਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ। ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਤੌਰ ਤੇ ਜਾਂ ਆਂਢੀ ਗੁਆਂਢੀ ਕਿਸਾਨਾਂ ਜਾਂ ਦੁਕਾਨਾਦਾਰਾਂ ਦੇ ਕਹੇ ਤੇ ਨਦੀਨਾਂ ਦੀ ਰੋਕਥਾਮ ਲਈ ਦੋ ਜਾਂ ਦੋ ਤੋਂ ਵੱਧ ਨਦੀਨਨਾਸ਼ਕਾਂ ਦਾ ਮਿਸ਼ਰਣ ਬਣਾ ਕੇ ਛਿੜਕਾਅ ਕੀਤਾ ਜਾਂਦਾ ਹੈ ਜਿਸ ਨਾਲ ਕਈ ਵਾਰ ਕਣਕ ਦੀ ਫਸਲ ਵੀ ਪ੍ਰਭਾਵਿਤ ਹੁੰਦੀ ਹੈ। ਉਨਾਂ ਦੱਸਿਆ ਕਿ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ਾਂ ਦੇ ਉਲਟ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਨਦੀਨਾਂ ਵਿੱਚ ਰੋਧਕ ਸ਼ਕਤੀ ਵਧਣ ਦੀਆਂ ਸੰਭਾਵਨਾਵਾਂ ਹਨ। ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਘਾਹ ਵਾਲੇ ਨਦੀਨਾਂ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਲਈ ਵਰਤੀਆਂ ਜਾ ਰਹੀਆ ਨਦੀਨਨਾਸ਼ਕਾਂ ਤੋਂ ਇਲਾਵਾ ਕਲੋਡੀਨਿਫਾਪ ਜਾਂ ਹੋਰ ਕਿਸੇ ਨਦੀਨ ਨਾਸ਼ਕ ਵਿੱਚ ਮੈਟਰੀਬਿਊਜ਼ਨ ਨਦੀਨਨਾਸ਼ਕ ਦੀ ਵਰਤੋਂ ਕੀਤੀ ਜਾ ਰਹੀ ਹੈ,ਜੋ ਗੈਰਸਿਫਾਰਸ਼ਸ਼ੁਦਾ ਹੋਣ ਕਾਰਨ ਕਣਕ ਦੀ ਫ਼ਸਲ ਵੀ ਪ੍ਰਭਾਵਤ ਹੁੰਦੀ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੈਟਰੀਬਿਉਜ਼ਨ ਨਦੀਨਨਾਸ਼ਕ ਨੂੰ ਘਾਹ ਵਾਲੇ ਨਦੀਨਾਂ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਨਦੀਨਨਾਸ਼ਕਾਂ ਨਾਲ ਘੋਲ ਕੇ ਛਿੜਕਾਅ ਨਾ ਕਰਨ। ਉਨਾਂ ਕਿਹਾ ਕਿ ਆਪਣੇ ਤੌਰ ਤੇ ਮਿਸ਼ਰਣ ਬਨਾਉਣ ਦੀ ਬਿਜਾਏ ਬਾਜ਼ਾਰ ਵਿੱਚ ਉਪਲਬਧ ਮਿਸ਼ਰਤ ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।ਉਨਾਂ ਦੱਸਿਆ ਕਿ ਨਦੀਨਾਂ ਵਿੱਚ ਕਿਸੇ ਨਦੀਨਨਾਸ਼ਕ ਪ੍ਰਤੀ ਰੋਧਣ ਸ਼ਕਤੀ ਪੈਦਾ ਹੋਣ ਤੋਂ ਰੋਕਣ ਲਈ ਨਦੀਨਾਸ਼ਕਾਂ ਦੀ ਹਰੇਕ ਸਾਲ ਅਦਲ ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ਤੇ ਰੱਖੋ ਅਤੇ ਨੋਜ਼ਲ ਦਾ ਕੱਟ ਜ਼ਮੀਨ ਵੱਲ ਨੂੰ ਕਰਕੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ।
ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇਧਰ ਉਧਰ ਨਾ ਘੁਮਾਉ ,ਅਜਿਹਾ ਕਰਨ ਨਾਲ ਨਦੀਨ ,ਨਦੀਨਨਾਸ਼ਕ ਦੇ ਸੰਪਰਕ ਵਿਚ ਆਉਣ ਤੋਂ ਬਚ ਜਾਂਦੇ ਹਨ । ਉਨਾਂ ਕਿਹਾ ਕਿ ਨਦੀਨਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ ਸਪਰੇਅ ਪੰਪ ਨੂੰ ਪਾਣੀ ਨਾਲ ਧੋ ਕੇ ਅਤੇ ਫਿਰ ਕੱਪੜੇ ਧੋਣ ਵਾਲੇ ਸੋਢੇ ਦੇ 0.5 ਫੀਸਦੀ ਘੋਲ ਨਾਲ ਚੰਗੀ ਤਰਾਂ ਧੋ ਲੈਣਾ ਚਾਹੀਦਾ। ਉਨਾਂ ਕਿਹਾ ਕਿ ਔਕਾਰਡਪਲੱਸ ਨਦੀਨਨਾਸ਼ਕ ਨੂੰ ਕਣਕ ਦੀ ਕਿਸਮ ਪੀ ਬੀ ਡਬਲਿਯੂ ਆਰ ਐਸ 1 ਅਤੇ ਉੱਨਤ ਪੀ ਬੀ ਡਬਲਿਯੂ 550 ਉੱਪਰ ਨਹੀਂ ਵਰਤਣੀ ਚਾਹੀਦੀ। ਉਨਾਂ ਦੱਸਿਆ ਕਿ ਜਿੰਨਾਂ ਖੇਤਾਂ ਵਿੱਚ ਗੁੱਲੀ ਡੰਡਾ ਜਾਂ ਜੰਗਲੀ ਜਵੀ ਨਾਮਕ ਨਦੀਨ ਪ੍ਰਚਲਿਤ ਨਦੀਨਨਾਸ਼ਕਾਂ ਨਾਲ ਨਾ ਮਰਦਾ ਹੋਵੇ, ਉਥੇ ਸ਼ਗਨ 21-11 ਜਾਂ ਏ ਸੀ ਐਮ 9 ਨਦੀਨਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ ਪ੍ਰੰਤੂ ਇਨਾਂ ਨਦੀਨਨਾਸ਼ਕਾਂ ਦੀ ਵਰਤੋਂ ਸਮੇਂ 150 ਲਿਟਰ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਇਹ ਨਦੀਨਨਾਸ਼ਕ ਦੀ ਵਰਤੋਂ ਰੇਤਲੀਆਂ ਜਾਂ ਹਲਕੀਆਂ ਜ਼ਮੀਨਾਂ ਵਿੱਚ ਨਹੀਂ ਕਰਨੀ ਚਾਹੀਦੀ।