ਮੋਗਾ, 25 ਜਨਵਰੀ (000)-
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ 18 ਸਾਲ ਦੀ ਉਮਰ ਪੂਰੀ ਕਰਨ ‘ਤੇ ਇੱਕ ਵੋਟਰ ਬਣ ਕੇ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ, ਇਸਦੇ ਨਾਲ ਉਹ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।ਇਹ ਵਿਚਾਰ ਉਨ੍ਹਾਂ ਅੱਜ ਸਥਾਨਕ ਡੀ ਐਮ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।ਇਸ ਸਮਾਗਮ ਵਿੱਚ ਨੌਜਵਾਨ ਵੋਟਰਾਂ ਨੂੰ ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਜੇ ਅੱਜ ਅਸੀਂ ਆਜ਼ਾਦ ਭਾਰਤ ਦੇ ਵਾਸੀ ਕਹਿਲਾਉਂਦੇ ਹਾਂ ਤਾਂ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਇਹ ਅਜ਼ਾਦੀ ਸਾਨੂੰ ਕਿੰਨੇ ਸੰਘਰਸ਼ਾਂ ਪਿੱਛੋਂ ਪ੍ਰਾਪਤ ਹੋਈ ਹੈ। ਉਹਨਾਂ ਕਿਹਾ ਸਾਡੇ ਪੂਰਵਜ਼ਾਂ ਨੇ ਅਜ਼ਾਦੀ ਲਈ ਬੜਾ ਸੰਘਰਸ਼ ਕੀਤਾ ਹੈ।ਹੁਣ ਅਸੀਂ ਇਸ ਦੇਸ਼ ਦੀ ਲੋਕਤੰਤਰੀ ਭਾਵਨਾ ਅਤੇ ਖੁਸ਼ਹਾਲੀ ਲਈ ਸੰਘਰਸ਼ ਕਰਨਾ ਹੈ, ਇਹ ਸਾਰਾ ਕੁਝ ਵੋਟ ਦੇ ਅਧਿਕਾਰ ਰਾਹੀਂ ਹੀ ਸੰਭਵ ਹੋ ਸਕਦਾ ਹੈ। ਵੋਟਰ ਬਣਨਾ, ਵੋਟ ਪਾਉਣਾ ਸਾਡਾ ਫਰਜ਼ ਵੀ ਹੈ ਅਤੇ ਅਧਿਕਾਰ ਵੀ।ਉਹਨਾਂ ਨੇ ਸਾਕਾਰਆਤਮਕ ਸੋਚ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ।ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਇਸ ਸਾਲ ਵੋਟਰ ਬਣਨ ਦਾ ਖਾਸ ਮਹੱਤਵ ਇਸ ਕਰਕੇ ਵੀ ਹੈ, ਕਿਉਂਕਿ ਇਸੇ ਸਾਲ ਦੇਸ਼ ਦੀਆਂ ਸਭ ਤੋਂ ਵੱਡੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਇਸ ਮੌਕੇ ਵੋਟਰ ਜਾਗਰੂਕਤਾ ਸੰਬੰਧੀ ਵਧੀਆ ਕੰਮ ਕਰਨ ਬਦਲੇ ਬੈੱਸਟ ਰਿਟਰਨਿੰਗ ਅਫ਼ਸਰ ਵਜੋਂ ਸ੍ਰ. ਸਾਰੰਗਪ੍ਰੀਤ ਸਿੰਘ ਐੱਸ. ਡੀ. ਐੱਮ. ਮੋਗਾ, ਬੈਸਟ ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਸ੍ਰ ਗੁਰਪ੍ਰੀਤ ਸਿੰਘ ਘਾਲੀ, ਡਿਸਟ੍ਰਿਕਟ ਆਈਕਨ ਵਿਮੈਨ ਜਸਪ੍ਰੀਤ ਕੌਰ ਢਿੱਲੋਂ ਤੇ ਅਨਮੋਲ ਸ਼ਰਮਾ, ਬੈਸਟ ਬੀ. ਐੱਲ. ਓ. ਗੁਰਪ੍ਰੀਤ ਕੌਰ (ਬੂਥ ਨੰਬਰ 6 ਵਿਧਾਨ ਸਭਾ ਹਲਕਾ ਮੋਗਾ) ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਵੋਟ ਦੇ ਸਹੀ ਅਤੇ ਜ਼ਰੂਰੀ ਇਸਤੇਮਾਲ ਬਾਰੇ ਸਹੁੰ ਵੀ ਚੁਕਾਈ। ਇਸ ਮੌਕੇ ਇਸ ਦਿਵਸ ਸੰਬੰਧੀ ਵੀਡੀਓਜ਼ ਦਿਖਾਉਣ ਦੇ ਨਾਲ-ਨਾਲ ਪੋਸਟਰ ਮੁਕਾਬਲੇ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।ਸਮਾਗਮ ਦੌਰਾਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ, ਚੋਣ ਤਹਿਸੀਲਦਾਰ ਸ੍ਰ ਬਰਜਿੰਦਰ ਸਿੰਘ, ਪ੍ਰਿੰਸੀਪਲ ਸ੍ਰੀ ਐਸ.ਕੇ. ਸ਼ਰਮਾ, ਕਈ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।