ਫਾਜਿਲਕਾ, 26 ਨਵੰਬਰ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਜੂਡੀਸ਼ੀਅਲ ਕੋਰਟ ਕੰਪਲੈਕਸ ਦੇ ਜੱਜ ਸਾਹਿਬਾਨਾਂ, ਸਟਾਫ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮੂਹ ਸਟਾਫ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ।
ਇਸ ਮੌਕੇ ਦੀ ਸ਼ੁਰੂਆਤ ਸੰਵਿਧਾਨ ਦੇ ਪ੍ਰੀਐੰਬਲ (ਪ੍ਰਸਤਾਵਨਾ) ਦੇ ਸਮੂਹਿਕ ਪਾਠ ਨਾਲ ਕੀਤੀ ਗਈ। ਮੈਡਮ ਰੂਚੀ ਸਵਪਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਅਗਵਾਈ ਹੇਠ ਸਾਰੇ ਕਰਮਚਾਰੀਆਂ ਨੇ ਨਿਆਂ, ਸਵਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਸੰਵਿਧਾਨਕ ਮੂਲ ਸੰਦੇਸ਼ਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ।
ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਨੇ ਦੱਸਿਆ ਕਿ “ਭਾਰਤੀ ਸੰਵਿਧਾਨ ਸਾਡੇ ਲੋਕਤੰਤਰ ਦੀ ਨੀਂਹ ਹੈ। ਇਹ ਸਿਰਫ ਇੱਕ ਦਸਤਾਵੇਜ਼ ਨਹੀਂ, ਸਗੋਂ ਹਰ ਨਾਗਰਿਕ ਲਈ ਇਕ ਮਾਰਗਦਰਸ਼ਕ ਹੈ। ਸੰਵਿਧਾਨ ਦਿਵਸ ਮਨਾਉਣ ਨਾਲ ਸਾਨੂੰ ਆਪਣੇ ਕਰਤਵਿਆਂ ਅਤੇ ਜ਼ਿੰਮੇਵਾਰੀਆਂ ਦੀ ਯਾਦ ਦਿਲਾਈ ਜਾਂਦੀ ਹੈ।”
ਇਸ ਦੇ ਨਾਲ ਹੀ, ਵਾਤਾਵਰਣ ਸੰਭਾਲ ਵਲ ਇਕ ਮਹੱਤਵਪੂਰਨ ਕਦਮ ਚੁਕਦੇ ਹੋਏ, ਅਦਾਲਤੀ ਪ੍ਰਾਂਗਣ ਵਿੱਚ 300 ਫੁੱਲਾਂ ਵਾਲੇ ਬੂਟੇ ਲਗਾਏ ਗਏ। ਮਾਣਯੋਗ ਜਜ ਸਾਹਿਬ ਅਤੇ ਸਟਾਫ ਨੇ ਉਤਸ਼ਾਹ ਨਾਲ ਇਸ ਰੁੱਖ ਲਗਾਅ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਵਾਤਾਵਰਣ ਸੰਰਕਸ਼ਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।