ਮੋਗਾ, 16 ਮਾਰਚ:
ਵੇਖਣ ਵਿੱਚ ਆਇਆ ਹੈ ਕਿ ਕਿਸਾਨ ਕਣਕ ਦੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਤੁਰੰਤ ਬਾਅਦ ਹੀ ਆਪਣੇ ਖੇਤਾਂ ਵਿੱਚ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ ਚਲਾ ਕੇ ਕਣਕ ਦੇ ਬਚੇ ਹੋਏ ਨਾੜ ਤੋਂ ਤੂੜੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਜਦਕਿ ਕਣਕ ਦਾ ਨਾੜ ਉਸ ਸਮੇਂ ਸਲਾਬਾ/ਨਮੀ ਭਰਿਆ ਹੁੰਦਾ ਹੈ, ਜਿਸ ਦੌਰਾਨ ਮਸ਼ੀਨ ਵਿੱਚ ਰਗੜ ਨਾਲ ਗਰਮਾਇਸ਼ ਪੈਦਾ ਹੋਣ ਕਰਕੇ ਕਣਕ ਦੀ ਖੜੀ ਫ਼ਸਲ ਨੂੰ ਅੱਗ ਲੱਗਣ ਦੀ ਸੰਭਾਵਨਾ ਬਣਦੀ ਹੈ। ਇਸ ਲਈ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ ਤੇ ਕਟਾਈ ਉਪਰੰਤ ਤੁਰੰਤ ਚਲਾਉਣ ਤੇ ਮੁਕੰਮਲ ਪਾਬੰਦੀ ਲਗਾਈ ਜਾਣੀ ਜਰੂਰੀ ਹੈ ਤਾਂ ਜੋ ਅਜਿਹੀਆਂ ਦੁਰਘਟਨਾਵਾਂ ਨਾਲ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿੱਤ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਟਰਾਅ ਰੀਪਰ/ਤੂੜੀ ਵਾਲੀ ਮਸ਼ੀਨ, ਕਟਾਈ ਉਪਰੰਤ ਤੁਰੰਤ ਚਲਾਉਣ ‘ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਹੁਕਮ 30 ਅਪ੍ਰੈਲ, 2024 ਤੱਕ ਲਾਗੂ ਰਹਿਣਗੇ।