ਬਠਿੰਡਾ, 12 ਦਸੰਬਰ : ਸ਼ਹੀਦ ਨੰਦ ਸਿੰਘ (ਫੌਜੀ ਚੌਂਕ) ਵਿਖੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਰਨਲ ਬਿਕਰਮਜੀਤ ਸਿੰਘ ਮਾਨ (ਸੇਵਾ ਮੁਕਤ), ਕੈਪਟਨ ਹਰਬਖਸ਼ ਸਿੰਘ, ਸੁਬੇਦਾਰ ਬਲਦੇਵ ਸਿੰਘ ਮਾਨ ਤੇ ਸਮੂਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਸਟਾਫ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ।
ਸੇਵਾ ਮੁਕਤ ਕਰਨਲ ਬਿਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਸ਼ਹੀਦ ਨੰਦ ਸਿੰਘ ਦਾ ਜਨਮ ਮਾਤਾ ਜੈ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਘਰ ਪਿੰਡ ਬਹਾਦਰਪੁਰ (ਬਰੇਟਾ) ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਉਹ 19 ਸਾਲਾਂ ਦੀ ਉਮਰ ਵਿੱਚ ਭਾਰਤੀ ਸੈਨਾ ਦੀ ਸਿੱਖ ਰੈਜੀਮੈਂਟ ਪਹਿਲੀ ਬਟਾਲੀਅਨ ਵਿੱਚ ਭਰਤੀ ਹੋਏ। 29 ਸਾਲ ਦੀ ਉਮਰ ਵਿੱਚ ਬਤੌਰ ਐਕਟਿੰਗ ਨਾਇਕ ਦੇ ਆਹੁਦੇ ਤੇ ਦੂਸਰਾ ਮਹਾਂ ਯੁਦ ਵਿੱਚ ਦੁਸ਼ਮਣਾ ਦੇ ਛੱਕੇ ਛੁਡਾ ਦਿੱਤੇ।
ਉਨ੍ਹਾਂ ਦੱਸਿਆ ਕਿ ਦੂਸਰੇ ਮਹਾਂ ਯੁਦ ਵਿੱਚ ਜਖਮੀ ਹਾਲਤ ਵਿੱਚ ਵੀ ਹਿੰਮਤ ਨਾ ਹਾਰਦਿਆਂ ਅਤੇ ਜਪਾਨੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਬੰਦੂਕ ਦੀ ਸੰਗੀਨ ਨਾਲ ਹੀ ਕਾਫੀ ਗਿਣਤੀ ਵਿੱਚ ਜਪਾਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੇ ਮੋਰਚੇ ’ਤੇ ਕਬਜਾ ਕੀਤਾ, ਜਿਸ ਲਈ ਇਨ੍ਹਾਂ ਨੂੰ ਸਰਬਉੱਤਮ ਪੁਰਸਕਾਰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਭਗਤੀ ਦੀ ਮਿਸਾਲ ਦਿੰਦੇ ਹੋਏ ਇਹੋ-ਜਿਹੇ ਕਾਰਨਾਮੇ ਵਿਖਾਏ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ 1947 ਵਿੱਚ ਕਸ਼ਮੀਰ ਰਾਜ ਵਿੱਚ ਉੜੀ ਦੀ ਲੜਾਈ ਦੌਰਾਨ ਵੀ ਇਸ ਮਹਾਨ ਯੋਧੇ ਨੇ ਨਿਡਰ ਹੋ ਕਿ ਆਪਣਾ ਫਰਜ਼ ਨਿਭਾਇਆ ਤੇ 12 ਦਸੰਬਰ 1947 ਨੂੰ ਕਬਾਲੀ ਹਮਲਾਵਰਾਂ ਦਾ ਸਫਾਇਆ ਕਰਨ ਲਈ ਮੋਰਚਾ ਸੰਭਾਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਕਈ ਸਾਥੀਆਂ ਦੇ ਸ਼ਹੀਦ ਹੋ ਜਾਣ ’ਤੇ ਵੀ ਇਸ ਮਹਾਨ ਯੋਧੇ ਨੇ ਹਿਮਤ ਨਾਂ ਹਾਰੀ ਅਤੇ ਕਈ ਮੋਰਚਿਆਂ ’ਤੇ ਕਬਜਾ ਕਰਦੇ ਹੋਏ, ਦੁਸ਼ਮਣ ਨੂੰ ਪਿਛੇ ਹਟਾਉਦੇ ਹੋਏ ਇਹ ਅਣਖੀ ਯੋਧਾ ਆਪ ਵੀ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹਾਦਤ ਪਾ ਗਿਆ। ਇਸ ਮਹਾਨ ਯੋਧੇ ਨੇ ਮਹਾਂਵੀਰ ਚੱਕਰ ਜਿੱਤ ਕੇ ਆਪਣੇ ਪਿੰਡ ਦਾ ਨਾਅ ਦੇਸ਼ ਵਿੱਚ ਰੌਸ਼ਨ ਕੀਤਾ। ਨੰਦ ਸਿੰਘ ਇੱਕ ਐਸਾ ਯੋਧਾ ਹੈ, ਜਿਸ ਨੂੰ ਜਿਉਂਦੇ ਜੀਅ ਵਿਕਟੋਰੀਆ ਕਰਾਸ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਮਹਾਰਾਜਾ ਭਲਇੰਦਰ ਸਿੰਘ ਸਹੀਦ ਨੰਦ ਸਿੰਘ ਨੂੰ ਸਨਮਾਨਿਤ ਕਰਨ ਲਈ ਪਿੰਡ ਬਹਾਦਰਪੁਰ ਵਿਖੇ ਆਏ ਸਨ ਅਤੇ ਉਨ੍ਹਾਂ ਵੱਲੋਂ ਆਪਣੇ ਪੁਰਖਿਆਂ ਦੀ ਨਿਸ਼ਾਨੀ ਤਲਵਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
ਬਠਿੰਡਾ ਵਿਖੇ ਇਨ੍ਹਾਂ ਦੀ ਯਾਦ ਵਿੱਚ ਚੌਂਕ ’ਤੇ ਬੁਤ ਲਗਾਇਆ ਗਿਆ ਹੈ ਜਿਸ ਨੂੰ ਫੋਜ਼ੀ ਚੌਂਕ ਵੀ ਕਿਹਾ ਜਾਂਦਾ ਹੈ। ਬਰੇਟਾ ਦੇ ਬਸ ਸਟੈਂਡ ਦਾ ਨਾਮ ਨੰਦ ਸਿੰਘ ਵਿਕਟੋਰੀਆ ਬਸ ਸਟੈਂਡ ਹੈ। ਇਸ ਮਹਾਨ ਯੋਧੇ ਨੂੰ ਸ਼ਹੀਦ ਹੋਣ ਉੱਪਰੰਤ 1948 ਵਿੱਚ ਭਾਰਤ ਸਰਕਾਰ ਨੇ ਮਹਾਂਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ। ਇਸ ਬਹਾਦਰ ਸਪੂਤ ਦੀ ਯਾਦ ਵਿੱਚ 1956 ਵਿੱਚ ਮੇਰਠ ਛਾਉਣੀ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਗਿਆ ਸੀ।