ਸੀ ਐਮ ਦੀ ਯੋਗਸ਼ਾਲਾ’ ਲੋਕਾਂ ਨੂੰ ਨਿਰੋਗ ਸਿਹਤ ਪ੍ਰਤੀ ਕਰ ਰਹੀ ਹੈ ਜਾਗਰੂਕ 

S.A.S Nagar

 ਡੇਰਾਬੱਸੀ, 2 ਨਵੰਬਰ, 2024: 

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਨਿਰੋਗਤਾ ਪ੍ਰਤੀ ਜਾਗਰੂਕ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਡੇਰਾੱਬਸੀ ’ਚ ਵਿਖੇ ਵੱਖ- ਵੱਖ ਥਾਵਾਂ ‘ਤੇ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਵਿਖੇ 49 ਅਤੇ ਡੇਰਾਬੱਸੀ ’ਚ 25 ਯੋਗਾ ਕਲਾਸਾਂ ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਲਈ ਬਾਕਾਇਦਾ ਮਾਹਿਰ ਯੋਗਾ ਕੋਚ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਹਨ। ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ ਵੈੱਬਸਾਈਟ cmdiyogshala.punjab.gov.in ‘ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ। ‘ਸੀ ਐਮ ਦੀ ਯੋਗਸ਼ਾਲਾ’ ਤਹਿਤ ਡੇਰਾਬੱਸੀ ਵਿਖੇ ਯੋਗਾ ਕਲਾਸਾਂ ਲਗਾ ਰਹੀ ਟ੍ਰੇਨਰ ਰੰਜੂ ਸੈਣੀ ਨੇ ਦੱਸਿਆ ਕਿ ਉਹ ਹਰ ਰੋਜ਼ 6 ਯੋਗਾ ਸੈ਼ਸਨ ਲਾ ਰਹੀ ਹੈ। ਉਹ ਸੈਣੀ ਧਰਮਸ਼ਾਲਾ ਡੇਰਾਬੱਸੀ ਵਿਖੇ ਸਵੇਰੇ ਦੋ ਕਲਾਸਾਂ ਲਗਾਉਂਦੀ ਹੈ, ਜਿਸ ਵਿੱਚ ਪਹਿਲੀ ਯੋਗਾ ਕਲਾਸ ਸਵੇਰੇ 7: 00 ਵਜੇ ਤੋਂ 8: 00 ਵਜੇ ਤੱਕ ਅਤੇ ਦੂਸਰੀ ਯੋਗਾ ਕਲਾਸ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਹੁੰਦੀ ਹੈ। ਤੀਸਰੀ ਕਲਾਸ ਗੁਰਦੁਆਰਾ ਨਿਹਾਲਗੜ੍ਹ ਬੁੰਗਾ ਪਿੰਡ ਸੈਦਪਰ, ਡੇਰਾਬੱਸੀ ਵਿਖੇ ਦੁਪਿਹਰ 2:50 ਵਜੇ ਤੋਂ 3:50 ਵਜੇ ਤੱਕ ਲਗਾਈ ਜਾਂਦੀ ਹੈ। ਚੌਥੀ ਯੋਗਾ ਕਲਾਸ ਗੁਲਾਬਗੜ੍ਹ ਪਾਰਕ ਡੇਰਾਬੱਸੀ ਵਿਖੇ ਸ਼ਾਮ 4:00 ਵਜੇ ਤੋਂ 5: 00 ਵਜੇ ਤੱਕ ਅਤੇ ਪੰਜਵੀਂ ਕਲਾਸ ਚੰਡੀਗੜ੍ਹ ਅਪਾਟਮੈਂਟ ਡੇਰਾਬੱਸੀ ਵਿਖੇ ਸ਼ਾਮ 5:05 ਤੋਂ 6:05 ਤੱਕ ਲਗਾਈ ਜਾਂਦੀ ਹੈ। ਛੇਵੀਂ ਅਤੇ ਆਖਰੀ ਕਲਾਸ ਸੈਣੀ ਧਰਮਸ਼ਾਲਾ, ਪਿੰਡ ਰਾਮਪੁਰ ਸੈਣੀਆਂ ਵਿਖੇ ਸ਼ਾਮ 6:40 ਤੋਂ 7:40 ਤੱਕ ਚਲਾਈ ਜਾਂਦੀ ਹੈ। ਰੰਜੂ ਨੇ ਅੱਗੇ ਦੱਸਿਆ ਕਿ ਯੋਗਾ ਸੈਸ਼ਨਾਂ ਦਾ ਸਮਾਂ, ਲੋਕਾਂ ਦੀਆਂ ਸਹੂਲਤ ਅਨੁਸਾਰ ਲਚਕਦਾਰ ਰੱਖਿਆ ਜਾਂਦਾ ਹੈ ਤਾਂ ਜੋ ਜਿਹੜਾ ਸਮਾਂ ਉਨ੍ਹਾਂ ਦੇ ਬੈਚ ਨੂੰ ਢੁਕਵਾਂ ਲੱਗਦਾ ਹੋਵੇ, ਉਸ ਮੁਤਾਬਕ ਹੀ ਕੋਚ ਨੂੰ ਬੁਲਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਔਸਤਨ ਇੱਕ ਕੋਚ ਦਿਨ ’ਚ ਘੱਟੋ-ਘੱਟ ਪੰਜ ਯੋਗਾ ਸੈਸ਼ਨ ਲਾਉਂਦਾ ਹੈ। ਡੇਰਾਬੱਸੀ ’ਚ ਵਿਖੇ ਯੋਗਾ ਕਲਾਸਾਂ ਦੀ ਟ੍ਰੇਨਰ ਰੰਜੂ ਸੈਣੀ ਅਨੁਸਾਰ ਯੋਗ ਅਭਿਆਸ ਕੇਵਲ ਸਰੀਰਕ ਅਭਿਆਸ ਨਹੀਂ ਬਲਕਿ ਸਾਡੀ ਖਰਾਬ ਜੀਵਨ ਸ਼ੈਲੀ ਨੂੰ ਠੀਕ ਕਰਨ ਦਾ ਕਾਰਗਰ ਢੰਗ ਵੀ ਹੈ। ਨਿਰੰਤਰ ਯੋਗ ਅਭਿਆਸ ਨਾ ਕੇਵਲ ਸਰੀਰਕ ਸਿਹਤ ਨੂੰ ਤੰਦਰੁਸਤ ਬਣਾਉਂਦਾ ਹੈ ਬਲਕਿ ਸਾਡੀ ਮਾਨਸਿਕ ਤੰਦਰੁਸਤੀ ਨੂੰ ਵੀ ਯਕੀਨੀ ਬਣਾਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਡੇਰਾਬਸੀ ਦੇ ਗੁਲਾਬਗੜ੍ਹ ਪਾਰਕ ਵਿਖੇ ਯੋਗਾ ਕਰ ਰਹੇ ਪਤੀ-ਪਤਨੀ ਗੁਰਚਰਨ ਸਿੰਘ ਅਤੇ ਨਰਿੰਦਰ ਕੌਰ ਜੋ ਕਿ ਦਸੰਬਰ 2023 ਤੋਂ ਲਗਾਤਾਰ ਯੋਗਾ ਕਲਾਸਾਂ ਲਗਾ ਰਹੇ ਹਨ, ਨੂੰ ਕੋਰੋਨਾ ਵਾਇਰਸ ਦੌਰਾਨ ਕੋਰੋਨਾ ਮਹਾਂਮਾਰੀ ਤੋਂ ਬਾਅਦ ਮੋਢਿਆਂ ਵਿੱਚ ਦਰਦ ਦੀ ਤਕਲੀਫ਼ ਰਹਿੰਦੀ ਸੀ ਜੋ ਕਿ ਹੁਣ ਬਿਲਕੁੱਲ ਠੀਕ ਹੋ ਚੁੱਕਾ ਹੈ। ਇਸ ਤੋਂ ਇਲਾਵਾ ਨਰਿੰਦਰ ਕੌਰ ਗੋਢਿਆਂ ਦੇ ਦਰਦ ਤੋਂ ਵੀ ਪਰੇਸ਼ਾਨ ਸਨ ਜੋ ਕਿ ਹੁਣ ਠੀਕ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਇਸੇ ਪਾਰਕ ਵਿੱਚ ਯੋਗਾ ਕਰ ਰਹੇ ਧਨੀ ਰਾਮ ਅਧਰੰਗ ਦੀ ਬਿਮਾਰੀ ਕਾਰਨ ਠੀਕ ਤਰ੍ਹਾਂ ਬੋਲ ਨਹੀਂ ਸਨ ਸਕਦੇ ਪਰ ਹੁਣ ਯੋਗਾ ਅਭਿਆਸ ਕਰਨ ਨਾਲ ਉਹ ਸਾਫ ਬੋਲਣ ਲੱਗ ਗਏ ਹਨ। ਗੁਰਦੁਆਰਾ ਨਿਹਾਲਗੜ੍ਹ ਬੁੰਗਾ ਪਿੰਡ ਸੈਦਪਰ, ਡੇਰਾਬੱਸੀ ਵਿਖੇ ਯੋਗਾ ਕਰ ਰਹੀ ਭਾਗੀਦਾਰ ਸਵਰਨ ਲਤਾ ਨੇ ਥਾਇਰਡ ਤੋਂ ਅਤੇ ਨੀਤੂ ਰਾਣਾ ਨੇ ਸਰਵਾਈਕਲ ਤੋਂ ਛੁਟਕਾਰਾ ਪਾਇਆ ਹੈ। ਰੰਜੂ ਸੈਣੀ ਅਨੁਸਾਰ ਯੋਗਾ ਕਲਾਸਾਂ ’ਚ ਸੂਖਮ ਕਿਰਿਅਸ਼ੀਲਤਾ ਅਤੇ ਆਸਣ ਹਰ ਵਰਗ ਦੇ ਲੋਕਾਂ ਨੂੰ ਪੁਰਾਣੀਆਂ ਤੋਂ ਪੁਰਾਣੀਆਂ ਬਿਮਾਰੀਆਂ ਜਿਵੇਂ ਜੋੜਾਂ ਦਾ ਦਰਦ, ਸ਼ੂਗਰ, ਥਾਇਰਾਇਡ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਦੇਣ ’ਚ ਕਾਮਯਾਬ ਸਿੱਧ ਹੁੰਦਾ ਹੈ।