ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਸਹੀ ਕਿਸਮਾਂ ਦੀ ਚੋਣ ਅਤੇ ਸਮੇਂ ਸਿਰ ਬਿਜਾਈ ਕਰਨਾ ਬੇਹੱਦ ਜ਼ਰੂਰੀ : ਮੁੱਖ ਖੇਤੀਬਾੜੀ ਅਫ਼ਸਰ

S.A.S Nagar

ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ
                           ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਰਮੇਂ ਦੀ ਫ਼ਸਲ ਤਹਿਤ ਹੇਠ ਰਕਬਾ ਵਧਾਉਣ, ਭਰਪੂਰ ਪੈਦਾਵਾਰ ਲਈ ਖੇਤੀਬਾੜੀ ਵਿਭਾਗ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।
                                 ਡਾ: ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇਂ ਦੀ ਬਿਜਾਈ ਦਾ ਢੁਕਵਾਂ ਸਮਾਂ 01 ਅਪ੍ਰੈਲ ਤੋਂ 15 ਮਈ 2024 ਤੱਕ ਹੈ। ਖੇਤੀਬਾੜੀ ਵਿਭਾਗ ਵੱਲੋਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਰਮੇਂ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਬਿਜਾਈ ਮਿਥੇ ਸਮੇਂ ਦੇ ਅੰਦਰ ਕੀਤੀ ਜਾਵੇ। ਨਰਮੇਂ ਦੀ ਫ਼ਸਲ ਦੇ ਵਧੀਆ ਜੰਮ ਅਤੇ ਮੁੱਢਲੇ ਵਾਧੇ ਲਈ ਖੇਤ ਨੂੰ ਡੂੰਘਾ ਵਾਹੁਣਾ ਅਤੇ ਨਹਿਰੀ ਪਾਣੀ ਨਾਲ ਭਰਵੀਂ ਰੌਣੀ ਕਰਨੀ ਜ਼ਰੂਰੀ ਹੈ।
                                ਨਰਮੇਂ ਦੀ ਬਿਜਾਈ ਲਈ ਖੇਤੀਬਾੜੀ ਵਿਭਾਗ  ਵੱਲੋਂ ਸਾਉਣੀ-2024 ਲਈ ਮੰਨਜ਼ੂਰਸ਼ੁਦਾ ਕੰਪਨੀਆਂ ਦੇ ਨਰਮੇ ਬੀਜ਼ ਦੀਆਂ ਸਿਫਾਰਸ਼ਸੁ਼ਦਾ ਕਿਸਮਾਂ ਹੀ ਵਰਤੀਆਂ ਜਾਣ ਅਤੇ ਕੋਈ ਵੀ ਗੈਰਸਿਫ਼ਾਰਸ਼ੀ ਅਤੇ ਗੁਜਰਾਤੀ ਬੀਜ਼ ਨਾ ਬੀਜਿਆ ਜਾਵੇ।
                                ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇੱਕੋ ਕਿਸਮ ਹੇਠ ਰਕਬਾ ਨਾ ਬੀਜਿਆ ਜਾਵੇ ਅਤੇ ਵੱਖ-ਵੱਖ ਸਿ਼ਫਾਰਸ਼ ਸੁ਼ਦਾ ਕਿਸਮਾਂ ਦੀ ਬਿਜਾਈ ਕੀਤੀ ਜਾਵੇ।ਨਰਮੇਂ ਦੇ ਬੂਟਿਆਂ ਦੀ ਗਿਣਤੀ ਪੂਰੀ ਰੱਖਣ ਲਈ ਬਿਜਾਈ ਸਮੇਂ ਬੀਜ਼ ਦੇ 2 ਪੈਕੇਟ ਪ੍ਰਤੀ ਏਕੜ ਵਰਤੇ ਜਾਣ ਅਤੇ ਬਿਜਾਈ ਤਰ ਵੱਤਰ ਵਿੱਚ ਹੀ ਕੀਤੀ ਜਾਵੇ ਅਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਬਿਜਾਈ ਸਵੇਰੇ ਜਾਂ ਸ਼ਾਮ ਦੇ ਸਮੇਂ ਹੀ ਕੀਤੀ ਜਾਵੇ।
                               ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀਆਂ ਬਦਲਵੀਆਂ ਫਸਲਾਂ ਜਿਵੇਂ ਕਿ ਭਿੰਡੀ, ਮੂੰਗੀ, ਅਰਹਰ, ਜੰਤਰ ਅਤੇ ਅਰਿੰਡ ਨੂੰ ਨਰਮੇਂ ਦੇ ਖੇਤਾਂ ਵਿੱਚ ਜਾਂ ਖੇਤਾਂ ਦੇ ਆਲੇ ਦੁਆਲੇ ਨਾ ਬੀਜਿਆ ਜਾਵੇ। ਰੇਤਲੀਆਂ ਅਤੇ ਕਮਜ਼ੋਰ ਜ਼ਮੀਨਾਂ ਵਿੱਚ ਬਿਜਾਈ ਸਮੇਂ 20 ਕਿ:ਗ੍ਰਾ:ਮਿਊਰੇਟ ਆਫ਼ ਪੋਟਾਸ਼ ਅਤੇ 10 ਕਿ:ਗ੍ਰਾ:ਜਿ਼ੰਕ ਸਲਫ਼ੇਟ 21 ਪ੍ਰਤੀਸ਼ਤ ਬਿਜਾਈ ਸਮੇਂ ਪਾਇਆ ਜਾਵੇ।ਨਰਮੇਂ ਦਾ ਬੀਜ਼ ਲੈਣ ਸਮੇਂ ਦੁਕਾਨਦਾਰ ਪਾਸੋਂ ਪੱਕਾ ਬਿੱਲ ਜ਼ਰੂਰ ਲਿਆ ਜਾਵੇ।ਬਿੱਲ ਅਤੇ ਖਾਲ੍ਹੀ ਥੈਲੀ ਸੰਭਾਲ ਕੇ ਰੱਖੀ ਜਾਵੇ।ਵਿਭਾਗ ਵੱਲੋਂ ਸਾਲ 2024-25 ਦੌਰਾਨ ਨਰਮੇਂ ਦੇ ਬੀ.ਟੀ. ਬੀ.ਜੀ-11  ਦਾ ਰੇਟ ਵੱਧ ਤੋਂ ਵੱਧ 864.00ਰੁ: ਪ੍ਰਤੀ ਪੈਕੇਟ ਨਿਰਧਾਰਿਤ ਕੀਤਾ ਗਿਆ ਹੈ।ਕੋਈ ਵੀ ਕਿਸਾਨ ਨੂੰ ਇਨਪੁਟਸ ਖਰੀਦਣ ਸਮੇਂ ਕੋਈ ਮੁਸਕਿਲ ਪੇਸ਼ ਆਉਦੀ ਹੈ ਤਾਂ ਉਹ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਤੁਰੰਤ ਤਾਲਮੇਲ ਕੀਤਾ ਜਾ  ਸਕਦਾ ਹੈ।