ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦਾ ਹੈ ਹੈਜ਼ਾ, ਦਸਤ, ਹੈਪੇਟਾਈਟਸ ਏ ਤੇ ਈ – ਡਾ. ਰਾਜਵਿੰਦਰ ਕੌਰ 

Ferozepur Politics Punjab

ਫ਼ਿਰੋਜ਼ਪੁਰ 22 ਜੁਲਾਈ 2024 :

ਦੁਨੀਆ ਵਿੱਚ ਹਰ ਸਾਲ ਲੱਗਭਗ 12 ਲੱਖ ਲੋਕ ਦੁਸ਼ਿਤ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਕਾਰਨ ਮੌਤ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਹਮੇਸ਼ਾ ਸਾਫ਼ ਪਾਣੀ ਦੀ ਹੀ ਪੀਣ ਲਈ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਨੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋ ਬਚਾਅ ਸੰਬੰਧੀ ਐਡਵਾਈਜਾਰੀ ਜਾਰੀ ਕਰਨ ਮੌਕੇ ਕੀਤਾ। 

ਉਨ੍ਹਾਂ ਦੱਸਿਆ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਹੈਜ਼ਾ, ਦਸਤ ਰੋਗ, ਹੈਪਿਟਾਈਟਸ ਏ ਅਤੇ ਈ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੀਣ ਵਾਸਤੇ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਪੀਣ ਦਾ ਪਾਣੀ ਸਾਫ਼ ਭਾਂਡੇ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ। ਟੋਭਿਆਂ ਨੇੜੇ ਲੱਗੇ ਨਲਕਿਆਂ ਦਾ ਪਾਣੀ ਨਹੀਂ ਪੀਣਾ ਚਾਹੀਦਾ। ਖੁੱਲ੍ਹੇ ਮੈਦਾਨ ਵਿੱਚ ਜੰਗਲ ਪਾਣੀ ਨਹੀਂ ਜਾਣਾ ਚਾਹੀਦਾ ਸਿਰਫ ਪਖਾਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ। ਗਲੇ-ਸੜੇ, ਜ਼ਿਆਦਾ ਕੱਚੇ ਜਾਂ ਜ਼ਿਆਦਾ ਪੱਕੇ ਫਲ ਅਤੇ ਸਬਜੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।  ਉਨ੍ਹਾਂ ਦੱਸਿਆ ਕਿ ਪਾਣੀ ਨੂੰ ਪੀਣਯੋਗ ਬਣਾਉਣ ਲਈ ਨੇੜੇ ਦੀ ਸਿਹਤ ਸੰਸਥਾ ਜਾਂ ਮਿਉਂਸੀਪਲ ਕਮੇਟੀ ਦੇ ਦਫ਼ਤਰ ਤੋਂ ਕਲੋਰੀਨ ਦੀਆਂ ਗੋਲੀਆਂ ਮੁਫ਼ਤ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਅਬਰੋਲ, ਸਹਾਇਕ ਸਿਵਿਲ ਸਰਜਨ ਡਾ. ਸੁਸ਼ਮਾ ਠੱਕਰ, ਡਾ. ਸਮਿੰਦਰਪਾਲ ਕੌਰ ਜ਼ਿਲ੍ਹਾ ਐਪੀਡੀਮੋਲੋਜਿਸਟ, ਡਾ. ਯੁਵਰਾਜ ਨਾਰੰਗ ਜ਼ਿਲ੍ਹਾ ਐਪੀਡੀਮੋਲੋਜਿਸਟ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ, ਪਰਮਵੀਰ ਮੋਂਗਾ, ਵਿਕਾਸ ਕਾਲੜਾ ਆਦਿ ਹਾਜ਼ਰ ਸਨ।