ਅੰਮ੍ਰਿਤਸਰ, 6 ਫਰਵਰੀ –
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਐਨ ਓ ਸੀ ਬੰਦ ਕਰਨ ਸਬੰਧੀ ਜੋ ਫੈਸਲਾ ਲਿਆ ਜਾ ਰਿਹਾ ਹੈ, ਉਸਦੀ ਜਿੰਨੀ ਸਿਫ਼ਤ ਕੀਤੀ ਜਾਵੇ ਘੱਟ ਹੈ, ਕਿਉਂਕਿ ਜਨਤਾ ਐਨ ਓ ਸੀ ਨੂੰ ਲੈ ਕੇ ਬਹੁੱਤ ਖੱਜ਼ਲ ਹੋ ਰਹੀ ਸੀ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਕਿਹਾ ਕਿ ਅੱਜ ਜਿਉਂ ਹੀ ਮੁੱਖ ਮੰਤਰੀ ਸ. ਮਾਨ ਨੇ ਸੋਸ਼ਲ ਮੀਡੀਆ ਉਤੇ ਇਹ ਖ਼ਬਰ ਸਾਂਝੀ ਕੀਤੀ ਹੈ, ਉਸ ਵੇਲੇ ਤੋਂ ਹੀ ਮੈਨੂੰ ਵਧਾਈਆਂ ਦੇਣ ਵਾਲਿਆਂ ਦੇ ਫੋਨ ਨਿਰੰਤਰ ਆ ਰਹੇ ਹਨ, ਜਿਸ ਤੋਂ ਲੋਕਾਂ ਦੀ ਖੁਸ਼ੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਐਨ ਓ ਸੀ ਲੈਣ ਵਿਚ ਲੋਕਾਂ ਨੂੰ ਵੱਡੀ ਮੁਸ਼ਿਕਲ ਆ ਰਹੀ ਸੀ, ਜਿਸ ਵਿਚ ਪੈਸੇ ਦੇ ਨਾਲ-ਨਾਲ ਵੱਡਾ ਸਮਾਂ ਵੀ ਉਡੀਕਣਾ ਪੈ ਰਿਹਾ ਸੀ, ਜਿਸ ਨਾਲ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਸਨ। ਜਾਇਦਾਦ ਦੀ ਖਰੀਦ ਵੇਚ ਕਰਨ ਵੇਲੇ ਵੱਡੇ ਭ੍ਰਿਸ਼ਟਾਚਾਰ ਦੀ ਵੀ ਚਰਚਾ ਰਹਿੰਦੀ ਸੀ, ਜਿਸ ਨਾਲ ਲੋਕਾਂ ਨੂੰ ਨਿਰਾਸਾ ਦਾ ਆਲਮ ਸੀ, ਜਿਸ ਨੂੰ ਅੱਜ ਮੁੱਖ ਮੰਤਰੀ ਸਾਹਿਬ ਦੇ ਇਕ ਟਵੀਟ ਨੇ ਹੀ ਦੂਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਮਾਨ ਲੋਕਾਂ ਦੇ ਦੁੱਖ-ਤਕਲੀਫ ਨੂੰ ਨਿੱਜੀ ਤੌਰ ਉਤੇ ਸਮਝਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਇਹ ਦੁੱਖ ਕੱਟਣ ਲਈ ਕਿਸੇ ਹੱਦ ਤੱਕ ਵੀ ਜਾ ਕੇ ਫੈਸਲਾ ਕਰ ਲੈਂਦੇ ਹਨ। ਵਿਧਾਇਕਾ ਨੇ ਇਸ ਲੋਕ ਭਲਾਈ ਦੇ ਫੈਸਲੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਨਾਂ ਨਾਲ ਸ. ਮਨਿੰਦਰ ਸਿੰਘ ਧਾਰੋਵਾਲੀ, ਆਸ਼ੂਦੀਪ ਬਾਂਸਲ, ਹਰਪਾਲ ਸਿੰਘ ਨਿਜਰ, ਐਡਵੋਕੇਟ ਗੁਰਪ੍ਰੀਤ ਸਿੰਘ ਸੋਹਲ, ਜਸਕਰਨ ਸਿੰਘ ਪੰਨੂੰ, ਦਿਲਰਾਜ ਸਿੰਘ ਘੁਮਾਣ, ਮਨਮੋਹਨ ਸਿੰਘ, ਜਰਨੈਲ ਸਿੰਘ, ਸਾਹਿਬ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।