ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ

Politics Punjab


ਚੰਡੀਗੜ੍ਹ, 20 ਨਵੰਬਰ

ਸਹਿਕਾਰਤਾ ਵਿਭਾਗ ਨੂੰ ਪੰਜਾਬ ਦੇ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਐਲਾਨਦਿਆਂ ਸੂਬੇ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਅਤੇ ਪੂੰਜੀ ਵਿਸਥਾਰ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਖਾਸਕਰ ਵਿੱਤ ਵਿਭਾਗ ਵੱਲੋਂ ਸਹਿਕਾਰਤਾ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹ ਇਥੇ ਟੈਗੋਰ ਭਵਨ ਵਿਖੇ 71ਵੇਂ ਸਰਬ ਭਾਰਤੀ ਸਹਿਕਾਰਤਾ ਹਫਤੇ ਦੇ ਆਖਰੀ ਦਿਨ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਇਸ ਮੌਕੇ ਉਨ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਸੂਬੇ ਭਰ ਵਿੱਚ ਫੁਲਕਾਰੀਆਂ ਤਿਆਰ ਕਰਨ ਵਾਲੀਆਂ ਔਰਤਾਂ ਦੇ ਉਤਪਾਦਾਂ ਨੂੰ ਵਿਸਵ ਪੱਧਰੀ ਵਿਕਰੀ ਮੰਚ ਮੁਹੱਈਆ ਕਰਵਾਉਣ ਲਈ ਤਿਆਰ ਕੀਤੇ ਗਏ ਵੈੱਬ ਪੋਰਟਲ ‘ਫੁਲਕਾਰੀ’ ਅਤੇ ਵੇਰਕਾ ਦੇ ਨਵੇਂ ਉਤਪਾਦਾਂ ਨੂੰ ਵੀ ਜਾਰੀ ਕੀਤਾ। ਉਨ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਤਿਆਰ ਕੀਤੀ ਗਈ ਕੌਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਵੀ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਲ 2022 ਵਿੱਚ ਮੌਜੂਦਾ ਸਰਕਾਰ ਦੇ ਗਠਨ ਦੌਰਾਨ ਸ਼ੂਗਰਫੈੱਡ ਦੀਆਂ 400 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਸਨ। ਉਨ੍ਹਾਂ ਕਿਹਾ ਕਿ ਬੀਤੇ 2 ਸਾਲਾਂ ਦੌਰਾਨ ਇਸ ਸੰਸਥਾ ਨੂੰ ਨਾ ਸਿਰਫ ਦੇਣਦਾਰੀਆਂ ਤੋਂ ਮੁਕਤ ਕੀਤਾ ਗਿਆ ਬਲਕਿ ਹੋਰ ਮਜ਼ਬੂਤ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਸਾਲ 2024-25 ਦੌਰਾਨ ਗੰਨੇ ਦੀ ਕਾਸ਼ਤ ਅਧੀਨ ਰਕਬਾ ਸਾਲ 2022-23 ਦੇ ਮੁਕਾਬਲੇ 50429 ਹੈਕਟੇਅਰ ਤੋਂ ਵੱਧ ਕੇ 56391 ਹੈਕਟੇਅਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਦਾਰੇ ਨੂੰ ਘਾਟੇ ਤੋਂ ਮੁਨਾਫੇ ਵਿੱਚ ਲਿਆਉਣ ਲਈ ਵੀ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਝੋਨੇ ਦੀ ਪਰਾਲੀ ਨਾਲ 14 ਮੈਗਾਵਾਟ ਦਾ ਕੋ-ਜੈਨਰੇਸ਼ਨ ਪਲਾਂਟ ਚਲਾਇਆ ਗਿਆ ਜਿਸ ਤੋ ਸਾਲ 2023-24 ਵਿੱਚ 15.31 ਕਰੋੜ ਰੁਪਏ ਕਮਾਏ ਗਏ ਹਨ।

ਮਿਲਕਫੈੱਡ ਨੂੰ ਦੇਸ਼ ਦੀਆਂ 3 ਬੇਹਤਰੀਨ ਦੁੱਧ ਉਤਪਾਦਕ ਏਜੰਸੀਆਂ ਵਿੱਚੋਂ ਇੱਕ ਦੱਸਦਿਆਂ, ਵਿੱਤ ਮੰਤਰੀ ਨੇ ਕਿਹਾ ਕਿ ਮਿਲਕਫੈਡ ਵੱਲੋਂ ਵਿੱਤੀ ਸਾਲ 2023-2024 ਦੌਰਾਨ ਹੁਣ ਤੱਕ ਦੀ ਸੱਭ ਤੋਂ ਵੱਧ ਪ੍ਰਤੀ ਦਿਨ 31 ਲੱਖ ਲੀਟਰ ਦੁੱਧ ਦੀ ਖਰੀਦ ਦਾ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੇਰਕਾ ਕੈਟਲ ਫੀਡ ਪਲਾਂਟ, ਘਣੀਆ ਕੇ ਬੰਗਰ ਵਿਖੇ 2 ਦਸੰਬਰ 2023 ਨੂੰ ਸ਼ੁਰੂ ਕੀਤੇ ਗਏ 50 ਐਮ.ਟੀ.ਪੀ.ਟੀ ਬਾਈ-ਪਾਸ ਪ੍ਰੋਟੀਨ ਪਲਾਂਟ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 50.000 ਐਲ.ਪੀ.ਡੀ ਤੱਕ ਦੀ ਸਮਰੱਥਾ ਵਾਲੇ ਫਰਮੈਂਟਡ ਮਿਲਕ ਪ੍ਰੋਸੈਸਿੰਗ ਅਤੇ ਪੈਕੇਜਿੰਗ ਯੂਨਿਟ ਦਾ ਉਚੇਚੇ ਤੌਰ ‘ਤੇ ਜਿਕਰ ਕੀਤਾ। ਵਿੱਤ ਮੰਤਰੀ ਵੱਲੋਂ ਇਸ ਮੌਕੇ ਵੇਰਕਾ ਦੇ ਨਵੇਂ ਉਤਪਾਦਾਂ ਖੰਡ- ਰਹਿਤ ਖੀਰ, ਖੰਡ- ਰਹਿਤ ਮਿਲਕ ਕੇਕ, ਖੰਡ- ਰਹਿਤ ਪੀਓ ਪ੍ਰੋਟੀਨ ਅਤੇ ਗੋਕਾ ਘਿਓ ਦੇ 1 ਲਿਟਰ ਪਲਾਸਟਿਕ ਜਾਰ ਨੂੰ ਵੀ ਜਾਰੀ ਕੀਤਾ ਗਿਆ।

ਫਸਲੀ ਵਿਭਿੰਨਤਾ ਲਿਆਉਣ ਵਿੱਚ ਮਾਰਕਫੈੱਡ ਦੀ ਭੂਮਿਕਾ ਦਾ ਜਿਕਰ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਰਕਫੈੱਡ ਵੱਲੋਂ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਚੱਕਰ ਤੋਂ ਦੂਰ ਕਰਨ ਲਈ ਮੂੰਗੀ ਦੀ ਕੀਮਤ ਸਮਰਥਨ ਯੋਜਨਾ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਮਾਰਕਫੈੱਡ ਦੁਆਰਾ 7584 ਮੀਟਰਕ ਟਨ ਮੂੰਗੀ ਦੀ ਖਰੀਦ ਕੀਤੀ ਗਈ ਜਿਸ ਨਾਲ 4515 ਕਿਸਾਨਾਂ ਨੂੰ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਮਾਰਕਫੈੱਡ ਵੱਲੋਂ ਤਿਆਰ ਅਤੇ ਮਾਰਕਿਟ ਕੀਤੇ ਜਾਣ ਵਾਲੇ ਪ੍ਰੈਸੈਡ ਫੂਡ ਅਤੇ ਹੋਰ ਖਾਦ ਪਦਾਰਥ ਜਿੱਥੇ ਆਪਣੇ ਮਿਆਰ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ ਉਥੇ ਹੀ ਇਸ ਵੱਲੋਂ ਸਹਿਕਾਰੀ ਸਭਾਵਾਂ ਨੂੰ ਆਪਣੇ ਪਦਾਰਥਾਂ ਦੀ ਵਿਕਰੀ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ ਹੈ।

ਕਿਸਾਨਾਂ ਨੂੰ ਸਸਤੀਆਂ ਵਿਆਜ ਦਰਾਂ ‘ਤੇ ਖੇਤੀਬਾੜੀ ਅਤੇ ਹੋਰਨਾਂ ਜ਼ਰੂਰਤਾਂ ਲਈ ਕਰਜਾ ਮੁਹੱਈਆ ਕਰਨ ਲਈ ਸਹਿਕਾਰੀ ਬੈਂਕਾਂ ਦੀ ਸਿਫਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਬੈਂਕਾਂ ਨੂੰ ਹੋਰ ਮਜ਼ਬੂਤ ਅਤੇ ਕਾਰਜ਼ਸ਼ੀਲ ਬਨਾਉਣ ਲਈ ਇੰਨ੍ਹਾਂ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਸਹਿਕਾਰਤਾ ਮੰਤਰੀ ਹੋਣ ਦੌਰਾਨ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਹੁਣ ਤੱਕ 50 ਫੀਸਦੀ ਬੈਂਕਾਂ ਦਾ ਕੰਪਿਊਟਰੀਕਰਨ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਇਸ ਕਾਰਜ਼ ਲਈ ਵਧਾਈ ਦਿੰਦਿਆਂ ਇੰਨ੍ਹਾਂ ਬੈਂਕਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਰਜਾ ਉਗਰਾਹੀ ਵਿੱਚ ਸੁਧਾਰ ਕਰਨ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਘੱਟ ਵਿਆਜ ਦਰ ਦੇ ਕਰਜੇ ਦੀ ਸਹੂਲਤ ਦਿੱਤੀ ਜਾ ਸਕੇ।  

ਵਿੱਤ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਸਹਿਕਾਰਤਾ ਵਿਭਾਗ ਦੀਆਂ ਹੋਰ ਅਹਿਮ ਸੰਸਥਾਵਾਂ ਜਿੰਨ੍ਹਾਂ ਵਿੱਚ ਲੇਬਰਫੈੱਡ, ਦੀ ਪੰਜਾਬ ਸਟੇਟ ਕੋਆਪ੍ਰੇਟਿਵ ਡਿਵੈਲਪਮੈਂਟ ਫੈਡਰੇਸ਼ਨ ਲਿਮਟਿਡ, ਪੰਜਾਬ ਇੰਸਟੀਚਿਊਟ ਆਫ ਕੋਆਪ੍ਰੇਟਿਵ ਟ੍ਰੇਨਿੰਗ ਆਦਿ ਸ਼ਾਮਿਲ ਹਨ, ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਰਾਲੀ ਦੀ ਸਾਂਭ-ਸਭਾਲ ਲਈ ਲਗਭਗ 3000 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਲਗਭਗ 15000 ਖੇਤੀਬਾੜੀ ਸੰਦ ਕਿਸਾਨਾਂ ਨੂੰ ਵਰਤਣ ਲਈ ਮੁਹੱਈਆ ਕਰਵਾਏ ਜਾਂਦੇ ਹਨ, ਜਿਸ ਨਾਲ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਵਿੱਚ 12 ਨਵੀਆਂ ਫੂਡ ਪ੍ਰੋਸੈਸਿੰਗ ਆਰਗੇਨਾਈਜੇਸ਼ਨ ਵੀ ਸਥਾਪਤ ਕੀਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ. ਸਿੰਘ ਨੇ ਬਰਟਰੈਂਡ ਰਸਲ ਦੇ ਕਥਨ ਕਿ ‘ਇਕੋ ਇਕ ਚੀਜ਼ ਜੋ ਮਨੁੱਖਤਾ ਨੂੰ ਮੁਕਤ ਕਰੇਗੀ ਉਹ ਹੈ ਸਹਿਯੋਗ’  ਦਾ ਜਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਮੌਜੂਦਾ ਕਿਸਾਨੀ ਖੇਤਰੀ ਵਿੱਚੋਂ ਸਿਰਫ ਸਹਿਕਾਰੀ ਲਹਿਰ ਸਦਕਾ ਹੀ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਪ੍ਰਚੂਨ ‘ਤੇ ਖਰੀਦੀਆਂ ਜਾਂਦੀਆਂ ਹਨ ਅਤੇ ਆਪਣੇ ਉਤਪਾਦ ਥੋਕ ਦੇ ਭਾਅ ‘ਤੇ ਵੇਚੇ ਜਾਂਦੇ ਹਨ। ਉਨ੍ਹਾਂ ਕਿਹਾ ਕਿ  ਸਿਰਫ ਸਹਿਕਾਰੀ ਸਭਾਵਾਂ ਸਦਕਾ ਕਿਸਾਨ ਥੋਕ ‘ਤੇ ਖਰੀਦਦਾਰੀ ਅਤੇ ਪ੍ਰਚੂਨ ‘ਤੇ ਵਿਕਰੀ ਕਰਨ ਦੇ ਯੋਗ ਹੋ ਸਕਦਾ ਹੈ। ਉਨ੍ਹਾਂ ਦੇਸ਼ ਵਿੱਚ ਸਹਿਕਾਰੀ ਲਹਿਰ ਦੀ ਸ਼ੁਰੂਆਤ, ਵਿਕਾਸ ਅਤੇ ਚੁਣੌਤੀਆਂ ਦਾ ਵੀ ਜਿਕਰ ਕੀਤਾ।

ਸਮਾਗਮ ਦੀ ਸ਼ੁਰੂਆਤ ਵਿੱਚ ਸਹਿਕਾਰਤਾ ਵਿਭਾਗ ਦੀ ਸਕੱਤਰ ਅਨੰਦਿਤਾ ਮਿਤਰਾ ਨੇ 71ਵੇਂ ਸਰਬ ਭਾਰਤੀ ਸਹਿਕਾਰਤਾ ਹਫਤੇ ਦੌਰਾਨ ਸੂਬੇ ਵਿੱਚ ਕਰਵਾਏ ਗਏ ਸਮਾਗਮਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਪਹਿਲਾਂ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਮਲ ਕੁਮਾਰ ਸੇਤੀਆ ਨੇ ਸਮਾਗਮ ਵਿੱਚ ਪਹੁੰਚੀਆਂ ਹਸਤੀਆਂ ਨੂੰ ਜੀ-ਆਇਆਂ ਨੂੰ ਕਿਹਾ।

ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਮੌਕੇ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਸਹਿਕਾਰੀ ਸਭਾਵਾਂ, ਫੂਡ ਪ੍ਰੋਸੈਸਿੰਗ ਸਭਾਵਾਂ, ਅਗਾਂਹਵਧੂ ਕਿਸਾਨਾਂ, ਕਿਰਤ ਤੇ ਉਸਾਰੀ ਸਹਿਕਾਰੀ ਸਭਾਵਾਂ, ਸਹਿਕਾਰੀ ਬੈਂਕਾਂ, ਵੇਰਕਾ ਡੇਅਰੀ ਅਤੇ ਖੰਡ ਮਿੱਲਾਂ ਨੂੰ 28 ਵੱਖ-ਵੱਖ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਜਾਇਕਾ ਵੂਮੈਨ ਸੈਲਫ ਹੈਲਪ ਗਰੁੱਪ, ਜਗਰਾਓਂ, ਨਿਊ ਸੋਨਾ ਸੈਲਫ ਹੈਲਪ ਗਰੁੱਪ, ਬਠਿੰਡਾ, ਸ੍ਰੀ ਗੁਰੂ ਅਰਜਨ ਦੇਵ ਵੂਮੈਨ ਸੈਲਫ ਹੈਲਪ ਗਰੁੱਪ, ਸਮਰਾਲਾ, ਫਤਹਿ ਹੈਂਡੀਕਰਾਫਟ ਵੂਮੈਨ ਸੈਲਫ ਹੈਲਪ ਗਰੁੱਪ, ਪਟਿਆਲਾ, ਖਿਜਰਾਬਾਦ ਵੂਮੈਨ ਸੈਲਫ ਹੈਲਪ ਗਰੁੱਪ, ਮੁਹਾਲੀ, ਮਿਲਕਫੈਡ, ਮਾਰਕਫੈਡ ਅਤੇ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਲਾਏ ਗਏ ਸਟਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਉਪਰਾਲੇ ਦੀ ਸਰਾਹਨਾ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਸਹਿਕਾਰਤਾ ਰੀਤੂ ਅਗਰਵਾਲ, ਚੇਅਰਮੈਨ ਪੀਐਸਸੀਬੀ ਜਗਦੇਵ ਸਿੰਘ ਭਮ, ਚੇਅਰਮੈਨ ਐਸ.ਏ.ਡੀ.ਬੀ ਸੁਰੇਸ਼ ਗੋਇਲ, ਚੇਅਰਮੈਨ ਮਿਲਕਫੈੱਡ ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਾਰਕਫੈੱਡ ਅਮਨਦੀਪ ਸਿੰਘ ਮੋਹੀ, ਚੇਅਰਮੈਨ ਸ਼ੂਗਰਫੈੱਡ ਨਵਦੀਪ ਸਿੰਘ ਜੇੜਾ, ਚੇਅਰਮੈਨ ਲੇਬਰਫੈੱਡ ਵਿਸ਼ਵਾਸ ਸੈਣੀ ਅਤੇ ਹਾਊਸਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਵੀ ਹਾਜ਼ਰ ਸਨ।