ਮਾਨਸਾ, 19 ਜੂਨ:
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਮਜ਼ਦੂਰੀ ਨੂੰ ਰੋਕਣ ਅਤੇ ਬੱਚਿਆਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮਾਨਸਾ ਵਿਖੇ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਗਈ। ਟੀਮ ਵਿਚ ਸ਼ਾਮਿਲ ਲੇਬਰ ਇੰਸਪੈਕਟਰ ਪਰਦੀਪ ਗੁਲਾਟੀ ਨੇ ਦੱਸਿਆ ਕਿ ਇਸ ਮੁਹਿੰਮ ਦੇ ਅਸਰਦਾਰ ਪ੍ਰਭਾਵ ਨੂੰ ਯਕੀਨੀ ਬਣਾਉਂਦਿਆਂ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਾਰੇ ਛੋਟੇ ਤੇ ਵੱਡੇ ਵਪਾਰਕ ਅਦਾਰਿਆਂ ਜਿਵੇਂ ਫੈਕਟਰੀਆਂ, ਢਾਬਿਆਂ, ਉਦਯੋਗਾਂ, ਹੋਟਲਾਂ, ਦੁਕਾਨਾਂ, ਭੱਠਿਆਂ, ਉਸਾਰੀ ਸਥਾਨਾਂ ਆਦਿ ਵਿਖੇ ਅਚਨਚੇਤ ਛਾਪਾਮਾਰੀ ਕਰਕੇ ਬਾਲ ਮਜ਼ਦੂਰੀ ਅਪਰਾਧ ਨੂੰ ਰੋਕਣ ਲਈ ਟੀਮਾਂ ਸਰਗਰਮ ਹਨ।
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਕਾਊਂਸਲਰ, ਰਜਿੰਦਰ ਵਰਮਾ ਨੇ ਦੱਸਿਆ ਕਿ ਚੌਕਸੀ ਟੀਮ ਵੱਲੋਂ ਸ਼ਹਿਰ ਮਾਨਸਾ ਦੇ ਵੱਖ-ਵੱਖ ਬਜ਼ਾਰਾਂ ਅਤੇ ਦੁਕਾਨਾਂ ’ਤੇ 18 ਸਾਲ ਤੋਂ ਘੱਟ ਉਮਰ ਵਾਲੇ ਕੰਮ ਕਰ ਰਹੇ ਬਾਲ ਅਤੇ ਕਿਸ਼ੋਰ ਬੱਚਿਆਂ ਦੀ ਭਾਲ ਕਰਨ ਲਈ ਚੈਕਿੰਗ ਕੀਤੀ ਗਈ ਅਤੇ ਸਬੰਧਤ ਦੁਕਾਨਦਾਰਾਂ ਕੋਲ ਉਪਲਬਧ ਆਧਾਰ ਕਾਰਡ ਵਾਚਦਿਆਂ ਉਮਰ ਦੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਤੋਂ ਬਾਹਰ ਵੱਖ-ਵੱਖ ਹੋਟਲਾਂ, ਰੈਸਟੋਰੈਂਟਾਂ ਦੀ ਵੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਬਜ਼ਾਰਾਂ ਵਿੱਚ ਲੇਬਰ ਇੰਸਪੈਕਟਰ ਪਰਦੀਪ ਗੁਲਾਟੀ ਨੇ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਬਾਲ ਮਜ਼ਦੂਰੀ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹੀਬਿਸ਼ਨ ਐਂਡ ਰੈਗੂਲੇਸ਼ਨ) ਐਕਟ 1986’ ਅਤੇ ’ਜੁਵੇਨਾਈਲ ਜਸਟਿਸ ਐਕਟ 2015’ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਚੈਕਿੰਗ ਟੀਮ ਵਿਚ ਪੁਲਿਸ ਵਿਭਾਗ ਤੋ ਬਲਜੀਤ ਸਿੰਘ, ਸਿੱਖਿਆ ਵਿਭਾਗ ਤੋ ਤਰਸੇਮ ਸਿੰਘ ਅਤੇ ਹੋਰ ਟੀਮ ਮੈਬਰ ਹਾਜਰ ਸਨ।