ਕੇਂਦਰ ਨੇ ਪੰਜਾਬ ਪ੍ਰਤੀ ਬਦਲਾਖੋਰੀ ਵਾਲਾ ਬਜਟ ਪੇਸ਼ ਕੀਤਾ; ਕੇਂਦਰੀ ਬਜਟ ਸਿਰਫ਼ ਲੰਗੜੀ ਸਰਕਾਰ ਨੂੰ ਬਚਾਉਣ ‘ਤੇ ਕੇਂਦਰਤ: ਅਮਨ ਅਰੋੜਾ

Punjab

ਚੰਡੀਗੜ੍ਹ, 23 ਜੁਲਾਈ:

ਕੇਂਦਰੀ ਬਜਟ ਨੂੰ ਪੰਜਾਬ ਅਤੇ ਦੇਸ਼ ਦੇ ਅੰਨਦਾਤੇ ਪ੍ਰਤੀ ਬਦਲਾਖੋਰੀ ਵਾਲਾ ਕਰਾਰ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਇਸ ਬਜਟ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਬਦਲਾਖੋਰੀ ਵਾਲਾ ਚਿਹਰਾ ਬੇਨਕਾਬ ਕਰ ਦਿੱਤਾ ਹੈ ਕਿਉਂ ਜੋ ਉਹ ਸੂਬੇ ਦੀਆਂ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਜਿੱਤਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਮੋਦੀ ਸਰਕਾਰ ਦਾ ਵਿਸ਼ੇਸ਼ ਧਿਆਨ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਣਾ ਹੈ।

ਇਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਵਜੋਂ ਜਾਣੇ ਜਾਂਦੇ ਪੰਜਾਬ ਨੇ ਦੇਸ਼ ਨੂੰ ਖੁਰਾਕ ਸੁਰੱਖਿਆ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਇਆ ਪਰ ਇਸ ਦੇ ਬਾਵਜੂਦ ਕੇਂਦਰੀ ਬਜਟ ਵਿੱਚ ਸਰਹੱਦੀ ਸੂਬੇ ਨੂੰ ਅੱਖੋਂ ਪਰੋਖੇ ਕਰਦਿਆਂ ਖੇਤੀਬਾੜੀ, ਪੇਂਡੂ ਅਤੇ ਸ਼ਹਿਰੀ ਖੇਤਰ ਦੇ ਵਿਕਾਸ ਲਈ ਕੋਈ ਵੀ ਉਪਬੰਧ ਨਹੀਂ ਕੀਤਾ ਗਿਆ ਜਦ ਕਿ ਇਸ ਦੇ ਉਲਟ ਆਪਣੀ ਲੰਗੜੀ ਸਰਕਾਰ ਨੂੰ ਬਚਾਉਣ ਲਈ ਭਾਜਪਾ ਨੇ ਆਪਣੇ ਭਾਈਵਾਲ਼ ਪਾਰਟੀਆਂ ਟੀ.ਡੀ.ਪੀ. ਅਤੇ ਜੇ.ਡੀ (ਯੂ) ਪ੍ਰਸ਼ਾਸਤ ਸੂਬਿਆਂ ਆਂਧਰਾ ਪ੍ਰਦੇਸ਼ ਅਤੇ ਬਿਹਾਰ ਨੂੰ ਵਿਸ਼ੇਸ਼ ਸੌਗਾਤਾਂ ਦਿੱਤੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਬੀਤੇ ਦਿਨੀਂ ਵਿੱਤ ਕਮਿਸ਼ਨ ਤੋਂ 1,32,247 ਕਰੋੜ ਰੁਪਏ ਦੇ ਫ਼ੰਡਾਂ ਦੀ ਮੰਗ ਕੀਤੀ ਹੈ ਪਰ ਅੱਜ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਦਿਆਂ ਆਫ਼ਤ ਪ੍ਰਬੰਧਨ, ਫ਼ਸਲੀ ਵਿਭਿੰਨਤਾ, ਉਦਯੋਗ ਜਾਂ ਐਮ.ਐਸ.ਐਮ.ਈਜ਼ ਲਈ ਕੋਈ ਵੀ ਵਿਸ਼ੇਸ਼ ਗਰਾਂਟ ਨਹੀਂ ਦਿੱਤੀ ਗਈ।  ਉਨ੍ਹਾਂ ਕਿਹਾ ਕਿ ਇਹ ਬਜਟ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਦੁਹਰਾਏ ਜਾਂਦੇ ਆਪਣੇ ਨਾਅਰੇ “ਸਬਕਾ ਸਾਥ, ਸਬਕਾ ਵਿਕਾਸ” ਦੀ ਪੋਲ ਖੋਲ੍ਹਦਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਨਿਰਾਸ਼ਾਜਨਕ ਅਤੇ ਦਿਸ਼ਾਹੀਣ ਹੋਣ ਦੇ ਨਾਲ-ਨਾਲ ਭਾਰਤ ਦੇ ਆਮ ਲੋਕਾਂ ਖ਼ਾਸ ਤੌਰ ‘ਤੇ ਪੰਜਾਬ ਦੇ ਲੋਕਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਦੀ ਸਪੱਸ਼ਟ ਉਦਾਹਰਣ ਹੈ। ਸ੍ਰੀ ਅਮਨ ਅਰੋੜਾ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪ੍ਰਮੁੱਖ ਮੁੱਦਿਆਂ ਦੇ ਹੱਲ ਪ੍ਰਤੀ ਆਪਣੀ ਨਾਕਾਮੀ ਦਾ ਸਬੂਤ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਔਰਤਾਂ, ਕਿਸਾਨਾਂ, ਨੌਜਵਾਨਾਂ ਅਤੇ ਗ਼ਰੀਬਾਂ ਲਈ ਵੀ ਕੋਈ ਖ਼ਾਸ ਉਪਬੰਧ ਨਹੀਂ ਕੀਤਾ ਗਿਆ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਆਪਣੀ ਉਪਜ ਦੀ ਕਾਨੂੰਨੀ ਗਰੰਟੀ ਲਈ ਪ੍ਰਦਰਸ਼ਨ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਬਾਰੇ ਇਕ ਸ਼ਬਦ ਵੀ ਬੋਲਣ ਨੂੰ ਰਾਜ਼ੀ ਨਹੀਂ, ਸਗੋਂ ਇਸ ਦੇ ਉਲਟ ਕਿਸਾਨਾਂ ’ਤੇ ਹੋਰ ਬੋਝ ਪਾਉਣ ਲਈ ਖਾਦਾਂ ਦੀ ਸਬਸਿਡੀ ’ਚ ਵੀ ਕਟੌਤੀ ਕਰ ਦਿੱਤੀ ਗਈ ਹੈ, ਜੋ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਸਾਡੇ ਕਿਸਾਨ ਵੀਰਾਂ ਨਾਲ ਭੱਦਾ ਮਜ਼ਾਕ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ  ਕੇਂਦਰ ਸਰਕਾਰ ਪੰਜ ਰਾਜਾਂ ਵਿੱਚ ਕਿਸਾਨ ਕ੍ਰੈਡਿਟ ਕਾਰਡਾਂ ਬਾਰੇ ਖੋਖਲੇ ਵਾਅਦੇ ਕਰ ਰਹੀ ਹੈ ਅਤੇ ਸਪੱਸ਼ਟ ਤੌਰ ’ਤੇ ਇਹ ਦੱਸਣ ਤੋਂ ਬਚ ਰਹੀ ਹੈ ਕਿ ਕਿਹੜੇ ਰਾਜਾਂ ਨੂੰ ਇਸ ਦਾ ਲਾਭ ਹੋਵੇਗਾ ਜਾਂ ਉਧਾਰੀ ਦੀਆਂ ਸੀਮਾਵਾਂ (ਕ੍ਰੈਡਿਟ ਲਿਮਟ) ਕੀ ਹੋਣਗੀਆਂ? ਉਨ੍ਹਾਂ ਕਿਹਾ ਕਿ ਅਸਪੱਸ਼ਟਤਾ ਕਾਰਨ ਕਿਸਾਨ ਆਪਣੇ ਭਵਿੱਖ ਬਾਰੇ ਫ਼ਿਕਰਮੰਦ ਤੇ ਦੁਚਿੱਤੀ ਵਿੱਚ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰ ਸਾਲ ਨੌਜਵਾਨਾਂ ਨੂੰ ਦੋ ਕਰੋੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਪਰ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਵਿਵਾਦਪੂਰਣ ਅਗਨੀਵੀਰ ਸਕੀਮ ਨੂੰ ਖ਼ਤਮ ਕਰਨ ਅਤੇ ਫ਼ੌਜ ਦੀ ਰਵਾਇਤੀ ਭਰਤੀ ਪ੍ਰਕਿਰਿਆ ਨੂੰ ਬਹਾਲ ਕਰਨ ਦੀ ਬਜਾਏ, ਸਰਕਾਰ ਉਨ੍ਹਾਂ ਨੌਜਵਾਨਾਂ (ਅਗਨੀਵੀਰਾਂ) ਦੀ ਦੁਰਦਸ਼ਾ ’ਤੇ ਟਾਲਾ ਵੱਟੀ ਬੈਠੀ ਹੈ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਬਜਟ ਦੀ ਅਸਫ਼ਲਤਾ ਦੇ ਸਪੱਸ਼ਟ ਸੰਕੇਤ ਇਸ ਗੱਲ ਤੋਂ ਵੀ ਮਿਲ ਜਾਂਦੇ ਹਨ ਕਿ ਬਜਟ ਐਲਾਨੇ ਜਾਣ ਤੋਂ ਬਾਅਦ ਹੀ ਸਟਾਕ ਮਾਰਕੀਟ ਵਿੱਚ ਗਿਰਾਵਟ ਆਈ, ਜੋ ਜਨਤਾ ਵਿੱਚ ਵੱਡੀ ਪੱਧਰ ‘ਤੇ ਬੇਭਰੋਸਗੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਵਿਆਪਕ, ਦੂਰਅੰਦੇਸ਼ੀ ਵਾਲਾ ਦ੍ਰਿਸ਼ਟੀਕੋਣ ਅਪਣਾਉਣ ਦੀ ਥਾਂ ਸਰਕਾਰ ਦਾ ਆਰਜ਼ੀ ਤੇ ਅਸਥਾਈ ਸੁਧਾਰਾਂ ਵੱਲ ਰੁਖ਼ ਕਰਨ ਵਾਲਾ ਇਹ ਰੁਝਾਨ ਬਹੁਤ ਚਿੰਤਾਜਨਕ ਹੈ।