ਮਾਨਸਾ, 29 ਜੁਲਾਈ :
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਸਪਤਾਹ ਮਨਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਸਪਤਾਹ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵੱਖ—ਵੱਖ ਤਰੀਕੇ ਨਾਲ ਆਪਣੇ ਸੱਭਿਆਚਾਰ, ਖੇਡਾਂ, ਕਰੀਅਰ ਗਾਈਡੈਂਸ ਅਤੇ ਡਿਜ਼ੀਟਲ ਯੁੱਗ ਨਾਲ ਜੋੜਨਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਪਰਵਿੰਦਰ ਸਿੰਘ ਦੀ ਦੇਖ—ਰੇਖ ਹੇਠ ਇਸ ਸਪਤਾਹ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਵੱਖ—ਵੱਖ ਅਧਿਆਪਕਾਂ ਨੇ ਆਪਣੇ ਵੱਲੋਂ ਬਣਾਈਆਂ ਗਈਆਂ ਟੀਚਿੰਗ ਲਰਨਿੰਗ ਮਟੀਰਿਅਲ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇੰਨ੍ਹਾਂ ਪ੍ਰਦਰਸ਼ਨੀਆਂ ਦੌਰਾਨ ਬੱਚਿਆਂ ਨੇ ਆਪਣੀ—ਆਪਣੀ ਰੁਚੀ ਅਨੁਸਾਰ ਬਹੁਤ ਕੁੱਝ ਸਿੱਖਿਆ ਅਤੇ ਅਧਿਆਪਕਾਂ ਵੱਲੋਂ ਬਹੁਤ ਵਧੀਆ ਢੰਗ ਨਾਲ ਇੰਨ੍ਹਾਂ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਸਾਰੇ ਵਿਸ਼ਿਆਂ ਦੀਆਂ ਵੱਖ—ਵੱਖ ਛੋਟੀਆਂ—ਛੋਟੀਆਂ ਗਤੀਵਿਧੀਆਂ ਅਤੇ ਮਾਡਲ ਲਗਾਏ ਗਏ। ਇਸ ਪ੍ਰਦਰਸ਼ਨੀ ਦੇ ਦੂਸਰੇ ਦਿਨ ਫਾਉਂਡੇਸ਼ਨ ਲਿਟਰੇਸੀ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਸਪਤਾਹ ਦੇ ਤੀਜੇ ਦਿਨ ਸਾਰੇ ਸਕੂਲਾਂ ਵਿੱਚ ਲੋਕ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਪੁਰਾਣੇ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦਿਨ ਸਾਰੇ ਸਕੂਲਾਂ ਦੇ ਸਰੀਰਿਕ ਸਿੱਖਿਆ ਅਧਿਆਪਕਾਂ ਵੱਲੋਂ ਇਨ੍ਹਾਂ ਖੇਡਾਂ ਦੇ ਇਤਿਹਾਸ ਅਤੇ ਪਿਛੋਕੜ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਸਪਤਾਹ ਦੇ ਚੌਥੇ ਦਿਨ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ—ਵੱਖ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਵੱਖ—ਵੱਖ ਗੀਤ, ਸਕਿੱਟ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਪਿਛੋਕੜ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਹਾਸਿਲ ਹੋ ਸਕੇ।
ਉਨ੍ਹਾਂ ਦੱਸਿਆ ਕਿ ਸਿੱਖਿਆ ਸਪਤਾਹ ਦੇ ਪੰਜਵੇਂ ਦਿਨ ਹੁਨਰ ਅਤੇ ਡਿਜ਼ੀਟਲ ਯੁੱਗ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਦਿਨ ਵਿਦਿਆਰਥੀਆਂ ਨੂੰ ਉਨ੍ਹਾਂ ਅੰਦਰ ਹੁਨਰ ਅਤੇ ਕਾਬਲੀਅਤ ਪਛਾਨਣ ਅਤੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਵਿਦਿਆਰਥੀ ਦੇ ਅੰਦਰ ਇੱਕ ਵੱਖਰੀ ਕਲਾ ਹੁੰਦੀ ਹੈ, ਜਿਸ ਦੇ ਨਾਲ ਵਿਦਿਆਰਥੀ ਆਪਣਾ ਸੁਪਨਾ ਸਾਕਾਰ ਕਰ ਸਕਦਾ ਹੈ। ਇਸ ਦੇ ਨਾਲ—ਨਾਲ ਡਿਜ਼ੀਟਲ ਯੁੱਗ ਬਾਰੇ ਵੱਖ—ਵੱਖ ਤਰ੍ਹਾਂ ਦੇ ਸੈਮੀਨਾਰ ਅਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਸਪਤਾਹ ਦੇ ਛੇਵੇਂ ਦਿਨ ਸਕੂਲਾਂ ਵਿੱਚ ਰੁੱਖਾਂ ਦੀ ਸਾਂਭ—ਸੰਭਾਲ ਲਈ ਈਕੋ ਕਲੱਬ ਦਾ ਗਠਨ ਕੀਤਾ ਗਿਆ ਅਤੇ ਪੌਦੇ ਲਗਾ ਕੇ ਪੌਦਿਆਂ ਦੀ ਸਾਂਭ—ਸੰਭਾਲ ਅਤੇ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਸਿੱਖਿਆ ਸਪਤਾਹ ਦੇ ਸਤਵੇਂ ਦਿਨ ਵੱਖ—ਵੱਖ ਵਲੰਟੀਅਰਜ਼ ਅਤੇ ਪਿੰੰਡ ਵਾਸੀਆਂ ਨੂੰ ਸੰਸਥਾ ਦੀਆਂ ਉਪਲਬੱਧੀਆਂ ਅਤੇ ਚੱਲ ਰਹੇ ਕੰਮਾਂ ਬਾਰੇ ਦੱਸਿਆ ਗਿਆ ਅਤੇ ਵਲੰਟੀਅਰਜ਼ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਸਿੱਖਿਆ ਸਪਤਾਹ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸਾਰੇ ਬੀ.ਐਨ.ਓ., ਗੁਰਮੀਤ ਸਿੰਘ, ਕਮਲਜੀਤ ਕੌਰ, ਪਰਮਜੀਤ ਸਿੰਘ, ਪ੍ਰਭਜੀਤ ਕੌਰ, ਅਰੁਣ ਕੁਮਾਰ, ਡੀ.ਐਸ. ਐਮ. ਹਰਪ੍ਰੀਤ ਸਿੰਘ, ਡੀ.ਐਮ. ਪਰਵਿੰਦਰ ਸਿੰਘ ਅਤੇ ਨਵਨੀਤ ਕੱਕੜ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਨਾਇਆਸਿੱਖਿਆ ਸਪਤਾਹ—ਜ਼ਿਲ੍ਹਾ ਸਿੱਖਿਆ ਅਫ਼ਸਰ


