ਸੀ.ਡੀ.ਪੀ.ਓ. ਅਤੇ ‘ਮੁਸਕਾਨ’ ਨੇ ਮੌਕੇ ’ਤੇ ਪਹੁੰਚ ਕੇ ਬਾਲ ਵਿਆਹ ਰੋਕਿਆ

Amritsar Crime

ਅੰਮ੍ਰਿਤਸਰ 23 ਜਨਵਰੀ 2024–

               ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅੰਮ੍ਰਿਤਸਰ ਅਰਬਨ-2 ਸ੍ਰੀਮਤੀ ਮੀਨਾ ਦੇਵੀ ਨੇ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਹੋਏ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿੱਚ 14 ਸਾਲ ਦੀ ਲੜਕੀ ਦਾ ਉਸਦੇ ਮਾਪਿਆਂ ਵਲੋਂ ਕੀਤਾ ਜਾ ਰਿਹਾ ਵਿਆਹ ਮੌਕੇ ‘ਤੇ ਪਹੁੰਚ ਕੇ ਰੋਕ ਦਿੱਤਾ।  ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਐਤਵਾਰ ਨੂੰ ਉਨਾਂ ਨੂੰ ਸੂਚਨਾ ਮਿਲੀ ਕਿ ਮੋਹਕਮਪੁਰਾ ਵਿਖੇ 14-15 ਸਾਲ ਦੀ ਲੜਕੀ ਪਿੰਕੀ ਦਾ ਬਾਲ ਵਿਆਹ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮੈਂ ਇਸ ਸਬੰਧੀ ਸਬੰਧਤ ਸਰਕਲ ਦੇ ਸੁਪਰਵਾਈਜ਼ਰ ਸ੍ਰੀਮਤੀ ਪੂਜਾ ਅਤੇ ਸਬੰਧਤ ਥਾਣਾ ਅਫ਼ਸਰ ਨੂੰ ਫੋਨ ਤੇ ਇਸਦੀ ਜਾਣਕਾਰੀ ਦੇ ਕੇ ਮੌਕੇ ’ਤੇ ਪਹੁੰਚਣ ਲਈ ਕਿਹਾ। ਉਨਾਂ ਦੱਸਿਆ ਕਿ ਮੈਂ ਆਪ ਗੈਰ ਸਰਕਾਰੀ ਸੰਸਥਾ ਮੁਸਕਾਨ ਦੇ ਮੈਂਬਰਾਂ ਨੂੰ ਨਾਲ ਲੈ ਕੇ ਮੌਕੇ ਤੇ ਪੁੱਜੀ ਅਤੇ ਦੇਖਿਆ ਕਿ ਫੋਨ ਤੇ ਮਿਲੀ ਸੂਚਨਾ ਬਿਲਕੁਲ ਸਹੀ ਸੀ। ਬੱਚੀ ਦਾ ਵਿਆਹ ਘਰਵਾਲਿਆਂ ਵਲੋਂ ਕੀਤਾ ਜਾ ਰਿਹਾ ਸੀ, ਜਦਕਿ ਉਸਦੀ ਉਮਰ ਅਜੇ 14-15 ਸਾਲ ਸੀ। ਉਨਾਂ ਦੱਸਿਆ ਕਿ ਅਸੀਂ ਪੁਲਿਸ ਦੀ ਸਹਾਇਤਾ ਨਾਲ ਇਹ ਵਿਆਹ ਰੋਕਿਆ ਅਤੇ ਲੜਕੀ ਨੂੰ ਸਟੇਟ ਆਫ਼ਟਰ ਕੇਅਰ ਹੋਮ ਅੰਮ੍ਰਿਤਸਰ ਵਿਖੇ ਭੇਜ ਦਿੱਤਾ।