ਮਾਲੇਰਕੋਟਲਾ ਮੈਡੀਕਲ ਕਾਲਜ ਚੋਣਾਂ ਤੋਂ ਪਹਿਲਾਂ ਪਹਿਲਾਂ ਚਾਲੂ ਕਰ ਦਿੱਤਾ ਜਾਵੇਗਾ – ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ
ਮਾਲੇਰਕੋਟਲਾ, 14 ਅਪ੍ਰੈਲ (000) – ਪੰਜਾਬ ਦੇ ਮੈਡੀਕਲ ਸਿੱਖਿਆ, ਖੋਜ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਮਾਲੇਰਕੋਟਲਾ ਵਿਖੇ ਬਣਨ ਵਾਲਾ ਮੈਡੀਕਲ ਕਾਲਜ ਚੋਣਾਂ ਤੋਂ ਪਹਿਲਾਂ ਪਹਿਲਾਂ ਚਾਲੂ ਕਰ ਦਿੱਤਾ ਜਾਵੇਗਾ। ਇਸ ਦਾ ਉਸਾਰੀ ਕਾਰਜ ਅਗਲੇ ਦੋ ਮਹੀਨੇ ਵਿੱਚ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਅੱਜ ਸਥਾਨਕ ਜ਼ਿਲ੍ਹਾ ਹਸਪਤਾਲ ਵਿਖੇ ਵੱਖ ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਲਈ ਆਏ ਸਨ। ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਮਾਲੇਰਕੋਟਲਾ ਵਿਖੇ ਮੈਡੀਕਲ ਕਾਲਜ ਉਸਾਰਨ ਲਈ 38 ਏਕੜ ਜ਼ਮੀਨ ਮਿਲ ਗਈ ਹੈ, ਲੋੜੀਂਦੀਆਂ ਕਾਗਜ਼ੀ ਕਾਰਵਾਈਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਉਮੀਦ ਹੈ ਕਿ ਅਗਲੇ 2 ਮਹੀਨੇ ਵਿੱਚ ਉਸਾਰੀ ਕਾਰਜ ਸ਼ੁਰੂ ਹੋ ਜਾਵੇ। ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਮੈਡੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮੈਡੀਕਲ ਕਾਲਜ ਅਤੇ ਉੱਚ ਸਹੂਲਤਾਂ ਵਾਲੇ ਹਸਪਤਾਲ ਦੀ ਸਖ਼ਤ ਲੋੜ ਸੀ। ਇਹ ਮੈਡੀਕਲ ਕਾਲਜ ਅਤੇ ਹਸਪਤਾਲ ਬਣਨ ਨਾਲ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਹਸਪਤਾਲ ਬਣਨ ਨਾਲ ਇਲਾਕੇ ਦੇ 10 ਲੱਖ ਤੋਂ ਵਧੇਰੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੈਡੀਕਲ ਕਾਲਜ ਨੂੰ ਚੋਣਾਂ ਤੋਂ ਪਹਿਲਾਂ ਪਹਿਲਾਂ ਚਾਲੂ ਕਰਨ ਦਾ ਟੀਚਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਮਾਲੇਰਕੋਟਲਾ ਵਿੱਚ 20 ਡਾਕਟਰ ਤਾਇਨਾਤ ਕੀਤੇ, ਤਾਂ ਜੋ ਇਸ ਨਵੇਂ ਬਣੇ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਜ਼ਿਲ੍ਹਾ ਹਸਪਤਾਲ ਨੂੰ ਵੀ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਉਹਨਾਂ ਵਾਅਦਾ ਕੀਤਾ ਕਿ ਜ਼ਿਲ੍ਹਾ ਮਾਲੇਰਕੋਟਲਾ ਨੂੰ ਜਲਦ ਹੀ 5 ਮੋਬਾਈਲ ਮੈਡੀਕਲ ਯੂਨਿਟ (ਐਂਬੂਲੈਂਸ) ਮੁਹਈਆ ਕਰਵਾਈਆਂ ਜਾਣਗੀਆਂ। ਉਹਨਾਂ ਗੈਰ ਸਰਕਾਰੀ ਸੰਸਥਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵੱਖ ਵੱਖ ਸੰਸਥਾਵਾਂ ਸਮਾਜ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਣ ਵਿੱਚ ਅਹਿਮ ਯੋਗਦਾਨ ਪਾ ਸਕਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢ ਕੇ ਮੁੜ ਪੈਰਾਂ ਉੱਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਾਲਾਤ ਬਿਹਤਰ ਕਰਨ ਦੀ ਦਿਸ਼ਾ ਵੱਲ ਲਗਾਤਾਰ ਯਤਨਸ਼ੀਲ ਹੈ। ਉਹਨਾਂ ਗੈਰ ਸਰਕਾਰੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਮਾਲੇਰਕੋਟਲਾ ਵਿੱਚ ਇੱਕ ਉੱਚ ਪੱਧਰੀ ਨਸ਼ਾ ਛੁਡਾਊ ਕੇਂਦਰ – ਕਮ – ਮੁੜ ਵਸੇਬਾ ਕੇਂਦਰ ਨੂੰ ਚਲਾਉਣ ਲਈ ਸਹਿਯੋਗ ਦੇਣ ਲਈ ਅੱਗੇ ਆਉਣ। ਇਹ ਕੇਂਦਰ ਖੋਲ੍ਹਣ ਲਈ ਉਹਨਾਂ ਡਿਪਟੀ ਕਮਿਸ਼ਨਰ ਸ਼੍ਰੀ ਵਿਰਾਜ ਐੱਸ ਤਿੜਕੇ ਨੂੰ ਢੁੱਕਵੀਂ ਜਗ੍ਹਾ ਲੱਭਣ ਲਈ ਕਿਹਾ। ਉਹਨਾਂ ਕਿਹਾ ਕਿ ਇਥੇ ਭਰਤੀ ਹੋ ਕੇ ਨਸ਼ਾ ਛੱਡਣ ਵਾਲਿਆਂ ਨੂੰ ਹੁਨਰਮੰਦ ਵੀ ਕੀਤਾ ਜਾਵੇਗਾ। ਅਜਿਹੇ ਨੌਜਵਾਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਹਿਲ ਦੇ ਆਧਾਰ ਉਤੇ ਮੁਹਈਆ ਕਰਵਾਇਆ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਗੁੰਡਾਗਰਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਵਾਪਰੀਆਂ ਦੋ ਘਟਨਾਵਾਂ ਉੱਤੇ ਪੰਜਾਬ ਸਰਕਾਰ ਵੱਲੋਂ ਸਖ਼ਤ ਐਕਸ਼ਨ ਲਿਆ ਗਿਆ ਹੈ। ਭਵਿੱਖ ਵਿੱਚ ਵੀ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਉਹਨਾਂ ਨੇ ਮੈਡੀਕਲ ਕਾਲਜ ਅਤੇ ਹਸਪਤਾਲ ਵਾਲੀ ਜਗ੍ਹਾ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਉਹਨਾਂ ਨਾਲ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ, ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ, ਡਿਪਟੀ ਕਮਿਸ਼ਨਰ ਸ਼੍ਰੀ ਵਿਰਾਜ ਐੱਸ ਤਿੜਕੇ, ਮਾਰਕੀਟ ਕਮੇਟੀ ਚੇਅਰਮੈਨ ਜਾਫਰ ਅਲੀ, ਮਾਰਕੀਟ ਕਮੇਟੀ ਸੰਦੋੜ ਦੇ ਚੇਅਰਮੈਨ ਸ੍ਰ ਕਰਮਜੀਤ ਸਿੰਘ ਕੁਠਾਲਾ, ਵਧੀਕ ਡਿਪਟੀ ਕਮਿਸ਼ਨਰ ਸ੍ਰ ਸੁਖਪ੍ਰੀਤ ਸਿੰਘ ਸਿੱਧੂ, ਐੱਸ ਡੀ ਐਮ ਸ੍ਰ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਗੁਰਮੀਤ ਕੁਮਾਰ ਬਾਂਸਲ, ਫਰਿਹਾਲ ਰਹਿਮਾਨ ਧਰਮਪਤਨੀ ਵਿਧਾਇਕ ਮਾਲੇਰਕੋਟਲਾ,ਹਲੀਮ, ਅਤੇ ਹੋਰ ਹਾਜ਼ਰ ਸਨ।
Continue Reading