ਬਠਿੰਡਾ, 9 ਅਪ੍ਰੈਲ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਸਵੀਪ ਗਤੀਵਿਧੀਆਂ ਤਹਿਤ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦੇ 22,741 ਨਵੇਂ ਵੋਟਰ ਲੋਕ ਸਭਾ ਚੋਣਾਂ-2024 ਵਿੱਚ ਆਪਣੀ ਵੋਟ ਦੇ ਅਧਿਕਾਰ ਦੀ ਪਹਿਲੀ ਵਾਰ ਵਰਤੋਂ ਕਰਨਗੇ। ਸ. ਜਸਪ੍ਰੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਵੀਪ ਗਤੀਵਿਧੀਆਂ ਤਹਿਤ 16 ਮਾਰਚ ਤੋਂ 8 ਅਪ੍ਰੈਲ ਤੱਕ ਚੱਲੀ ਵੋਟ ਬਣਾਉਣ ਦੀ ਵਿਸ਼ੇਸ ਮੁਹਿੰਮ ਅਧੀਨ 18 ਸਾਲ ਤੋਂ 19 ਸਾਲ ਤੱਕ ਦੇ ਕੁੱਲ 1299 ਨਵੇਂ ਨੌਜਵਾਨ ਵੋਟਰਾਂ ਨੇ ਆਪਣਾ ਨਾਮ ਦਰਜ਼ ਕਰਵਾਇਆ ਹੈ, ਜਿੰਨ੍ਹਾਂ ਵੱਲੋਂ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 85 ਸਾਲ ਤੋਂ ਵਧੇਰੀ ਉਮਰ ਦੇ ਕੁੱਲ 7767 ਵੋਟਰਾਂ ਅਤੇ 16 ਐਨ.ਆਰ.ਆਈ ਵੋਟਰਾਂ ਵੱਲੋਂ ਵੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫਸ਼ਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੋਟਰਾਂ ਦੀ ਅਬਾਦੀ ਦੀ ਰੇਸ਼ੋ ਵੀ 675 ਤੋਂ ਵਧ ਕੇ 678 ਹੋ ਗਈ ਹੈ। ਇਸੇ ਤਰ੍ਹਾਂ ਹੀ ਜੈਂਡਰ ਰੇਸ਼ੋ ਵੀ 896 ਤੋਂ ਵਧ ਕੇ 898 ਤੱਕ ਪਹੁੰਚ ਗਈ ਹੈ, ਜਦਕਿ ਇਸ ਸਮੇਂ ਜ਼ਿਲ੍ਹੇ ਅੰਦਰ ਦਿਵਿਆਂਗ ਵੋਟਰਾਂ ਦੀ ਗਿਣਤੀ 7493 ਹੈ।
Continue Reading