ਚੰਡੀਗੜ੍ਹ, 25 ਮਾਰਚ:
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਤੋਂ ਪ੍ਰਾਪਤ ਹੋਈਆਂ ਅਤੇ ਬਲਾਕ ਸੰਮਤੀ ਫਿਰੋਜ਼ਪੁਰ ਨੂੰ ਅਲਾਟ ਕੀਤੀਆਂ ਗ੍ਰਾਂਟਾਂ ਵਿੱਚੋਂ ਧੋਖਾਧੜੀ ਨਾਲ ਕਢਵਾਏ 1,80,87,591 ਰੁਪਏ ਦੇ ਫੰਡਾਂ ਬਾਬਤ ਵਿਭਾਗੀ ਜਾਂਚ ਕਰਵਾਉਣ ਉਪਰੰਤ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਵਿਜੀਲੈਂਸ ਨੂੰ ਦੇ ਦਿੱਤਾ ਗਿਆ ਹੈ।
ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਮੁਕੱਦਮਾ ਨੰਬਰ 434 ਮਿਤੀ 13.12.2024 ਰਾਹੀਂ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਕਿਰਨਦੀਪ ਕੌਰ, ਬੀ.ਡੀ.ਪੀ.ਓ., ਜਸਵਿੰਦਰ ਕੌਰ ਤਤਕਾਲੀ ਚੇਅਰਪਰਸਨ ਪੰਚਾਇਤ ਸੰਮਤੀ ਫਿਰੋਜ਼ਪੁਰ, ਮਨਜਿੰਦਰ ਸਿੰਘ ਡਾਟਾ ਐਂਟਰੀ ਅਪਰੇਟਰ ਈ ਪੰਚਾਇਤ, ਰੇਖਾ ਦੇਵੀ ਡਾਟਾ ਐਂਟਰੀ ਅਪਰੇਟਰ ਈ ਪੰਚਾਇਤ, ਸ਼ੁਭਦੀਪਕ ਬਜਾਜ ਡਾਟਾ ਐਂਟਰੀ ਅਪਰੇਟਰ ਈ ਪੰਚਾਇਤ ਅਤੇ ਜਸਪ੍ਰੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਡਾਟਾ ਐਂਟਰੀ ਅਪਰੇਟਰ ਈ ਪੰਚਾਇਤ ਵਿਰੁੱਧ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਈ ਪੰਚਾਇਤ ਸੋਸਾਇਟੀ ਦੇ ਕਰਮਚਾਰੀਆਂ ਮਨਜਿੰਦਰ ਸਿੰਘ ਡਾਟਾ ਐਂਟਰੀ ਅਪਰੇਟਰ ਈ ਪੰਚਾਇਤ ਅਤੇ ਜਸਪ੍ਰੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਡਾਟਾ ਐਂਟਰੀ ਅਪਰੇਟਰ ਈ ਪੰਚਾਇਤ ਨੂੰ ਬਰਖਾਸਤ ਕਰਨ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲ੍ਹਾ ਫਿਰੋਜ਼ਪੁਰ ਨੂੰ ਨੋਟਿਸ ਜਾਰੀ ਕਰਨ ਸਬੰਧੀ ਹਦਾਇਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਤਹਿਤ ਪੰਚਾਇਤ ਸੰਮਤੀ ਫਿਰੋਜ਼ਪੁਰ ਵੱਲੋਂ 1,80,87,591 ਰੁਪਏ ਦੇ ਫੰਡਾਂ ਨੂੰ ਖੁਰਦ-ਬੁਰਦ ਕਰਨ ਸਬੰਧੀ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਤੋਂ ਬਣਦੀ ਰਿਕਵਰੀ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਨੂੰ ਲਿਖਿਆ ਜਾ ਚੁੱਕਾ ਹੈ।
ਸੌਂਦ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਭਾਗ ਵੱਲੋਂ ਪੰਚਾਇਤੀ ਰਾਜ ਮੰਤਰਾਲਾ, ਭਾਰਤ ਸਰਕਾਰ ਦੀ ਆਈ.ਟੀ ਟੀਮ ਨੂੰ ਵੈੱਬਸਾਈਟ ਦੀ ਸੁਰੱਖਿਆ ਲਈ ਮਾਪਦੰਡ ਹੋਰ ਸਖਤ ਕਰਵਾਉਣ ਲਈ ਲਿਖਿਆ ਗਿਆ ਹੈ ਅਤੇ ਇਸ ਦੌਰਾਨ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।