ਖੰਨਾ, ਲੁਧਿਆਣਾ, 30 ਨਵੰਬਰ (000) ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਕਾਮਰਸ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸਥਾਨਕ ਏ.ਐਸ.ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਸਲਾਨਾ ਸਮਾਗਮ’ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਸਰਕਾਰ ਅਤੇ ਸੂਬੇ ਦੇ ਲੋਕ ਅਧਿਆਪਕ ਭਾਈਚਾਰੇ ਵੱਲੋਂ ਕੀਤੇ ਗਏ ਵਡਮੁੱਲੇ ਯਤਨਾਂ ਲਈ ਸਦਾ ਰਿਣੀ ਰਹਿਣਗੇ, ਜਿਨ੍ਹਾਂ ਸਦਕਾ ਪੰਜਾਬ ਸਕੂਲ ਸਿੱਖਿਆ ਵਿੱਚ ਪਹਿਲੇ ਨੰਬਰ ‘ਤੇ ਹੈ।
ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਸ ਸਿੱਖਿਆ ਸੰਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਸੱਤ ਇੰਸਟੀਚਿਊਟ ਚਲਦੇ ਹਨ। ਜਿਨ੍ਹਾਂ ਵਿਚ ਤਿੰਨ ਸਕੂਲ ਅਤੇ ਚਾਰ ਕਾਲਜ ਹਨ। ਉਹਨਾਂ ਕਿਹਾ ਕਿ ਇਹਨਾਂ ਸਿੱਖਿਆ ਸੰਸਥਾ ਵਿੱਚੋਂ ਪੜ੍ਹੇ ਹੋਏ ਹਾਜ਼ਰਾ ਹੀ ਵਿਦਿਆਰਥੀਆਂ ਨੇ ਦੇਸ਼ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਉੱਚ ਅਹੁਦਿਆਂ ਤੇ ਬੈਠ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਹ ਸਿੱਖਿਆ ਸੰਸਥਾ ਬਹੁਤ ਪੁਰਾਣੀ ਹੈ। ਉਹਨਾਂ ਕਿਹਾ ਕਿ ਇਸ ਸੰਸਥਾ ਵਿੱਚ ਪਹੁੰਚ ਕੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸਿੱਖਿਆ ਸੰਸਥਾ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਹਨ ਉਹਨਾਂ ਨੂੰ ਕਾਬਲ ਅਧਿਆਪਕ ਪੜਾਉਂਦੇ ਰਹਿਣ ਤਾਂ ਜੋ ਬੱਚੇ ਚੰਗੀ ਸਿੱਖਿਆ ਹਾਸਲ ਕਰਕੇ ਦੇਸ਼ ਅਤੇ ਵਿਦੇਸ਼ਾਂ ਵਿੱਚ ਜਾ ਕੇ ਇਸ ਸਿੱਖਿਆ ਸੰਸਥਾ ਦਾ ਨਾਮ ਰੋਸ਼ਨ ਕਰਦੇ ਰਹਿਣ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਅਤੇ ਇਸ ਸਮਾਗਮ ਵਿਚ ਪਹੁੰਚੇ ਮਾਪਿਆਂ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਦੀ ਬੱਚਿਆਂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ। ਉਨ੍ਹਾਂ ਨੇ ਆਪੋ-ਆਪਣੀ ਕਲਾ ਨੂੰ ਸਟੇਜ ਤੇ ਦਿਖਾਉਣਾ ਹੁੰਦਾ ਤੇ ਕਈ ਦਿਨਾਂ ਤੋਂ ਚਲ ਰਹੀ ਮਿਹਨਤ ਨੂੰ ਪ੍ਰਦਰਸ਼ਿਤ ਕਰਕੇ ਵਾਹ-ਵਾਹ ਖੱਟਣੀ ਹੁੰਦੀ ਹੈ।
ਇਸ ਸਮਾਗਮ ਵਿਚ ਨਾਟਕ, ਕੋਰੀਓਗ੍ਰਾਫੀ, ਗੀਤ-ਸੰਗੀਤ, ਭੰਗੜਾ, ਗਿੱਧਾ ਦੇ ਹਰ ਰੰਗ ਦੇਖਣ ਨੂੰ ਮਿਲੇ ਅਤੇ ਸਾਡੇ ਪ੍ਰਾਂਤਕ ਨਾਚਾਂ ਨੇ ਸਰੋਤਿਆਂ ਦੇ ਦਿਲ ਜਿੱਤ ਲਏ। ਬੱਚਿਆਂ ਨੇ ਆਪਣੇ ਅੰਦਰ ਦੀ ਕਲਾਕਾਰੀ ਨੂੰ ਖੁੱਲ ਕੇ ਪ੍ਰਦਰਸ਼ਿਤ ਕੀਤਾ। ਅਲੱਗ-ਅਲੱਗ ਗਤੀਵਿਧੀਆਂ ਰਾਹੀਂ ਇਸ ਪ੍ਰੋਗ੍ਰਾਮ ਦੀ ਇਕ ਵੱਖਰੀ ਦਿਖ ਸੀ।
ਅਧਿਆਪਕਾਂ ਦੁਆਰਾ ਸਿਖਾਏ ਗੁਰਾਂ ਨੂੰ ਉਨ੍ਹਾਂ ਨੇ ਆਪਣੇ ਇਸ ਸਮਾਗਮ ਨੂੰ ਹੋਰ ਚਾਰ ਚੰਨ ਲਾਏ। ਸਾਰਾ ਪ੍ਰੋਗਰਾਮ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਤੇ ਸਕੂਲ ਦੀਆਂ ਖੇਡਾਂ ਅਤੇ ਪੜ੍ਹਾਈ ਜਾਂ ਫਿਰ ਹਰ ਖਿੱਤੇ ਵਿਚ ਕੀਤੀਆਂ ਪ੍ਰਾਪਤੀਆਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਮਾਪਿਆਂ ਦੀ ਸ਼ਮੂਲੀਅਤ ਨੇ ਇਸ ਪ੍ਰੋਗਰਾਮ ਦੀ ਹੋਰ ਸ਼ਾਨ ਵਧਾ ਦਿੱਤੀ।
ਇਸ ਸਮਾਗਮ ਨੂੰ ਦੇਖ ਕੇ ਬੱਚਿਆਂ ਦੀ ਕੀਤੀ ਮਿਹਨਤ ਦਾ ਰੂਪ ਸਭ ਦੇ ਸਾਹਮਣੇ ਆਉਂਦਾ ਹੈ। ਸਕੂਲ ਇਕੱਲੇ ਇੰਨ੍ਹਾਂ ਪ੍ਰੋਗਰਾਮਾਂ ਕਰਕੇ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਆਪਣੇ ਨਤੀਜਿਆਂ ਕਰਕੇ ਵੀ ਮੋਹਰਲੀ ਕਤਾਰ ਵਿਚ ਹੈ। ਅਸੀਂ ਆਪਣੇ ਬੱਚਿਆਂ ਨੂੰ ਹਰ ਪੱਖ ਤੋਂ ਐਨੀਆਂ ਪੱਕੀਆਂ ਨੀਹਾਂ ਦੇ ਧਾਰਨੀ ਬਣਾ ਕੇ ਅੱਗੇ ਤੋਰਦੇ ਹਾਂ ਕਿ ਉਹ ਆਪਣੇ ਜੀਵਨ ਦੀਆਂ ਉਨ੍ਹਾਂ ਉਚਾਈਆਂ ਨੂੰ ਫਤਿਹ ਕਰ ਲੈਂਦੇ ਹਨ, ਜਿੰਨ੍ਹਾਂ ਦੇ ਸੁਪਨੇ ਉਨ੍ਹਾਂ ਦੇ ਮਾਪੇ ਦੇਖਦੇ ਹਨ।