ਸ੍ਰੀ ਮੁਕਤਸਰ ਸਾਹਿਬ, 14 ਸਤੰਬਰ: ਪੰਜਾਬ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਹਿਮ ਯਤਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ. ਤਰੁਣਪ੍ਰੀਤ ਸਿੰਘ ਨੇ ਅੱਜ ਆਪਣੇ ਦੌਰੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ 6, ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਨੂੰ ਜਾਂਦੇ ਮਾਰਗ ’ਤੇ 8.74 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਹੈਰੀਟੇਜ ਸਟਰੀਟ ਦਾ ਨੀਂਹ ਪੱਥਰ ਰੱਖਦਿਆ ਕੀਤਾ ਅਤੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਇਹ ਪ੍ਰੋਜੈਕਟ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਨੂੰ ਹੋਰ ਉਜਾਗਰ ਕਰਨ ਦੇ ਨਾਲ-ਨਾਲ ਸ਼ਹਿਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਸ੍ਰੀ ਦਰਬਾਰ ਸਾਹਿਬ ਨੂੰ ਜੋੜਦੇ ਇਨ੍ਹਾਂ 7 ਨਾਕਿਆਂ ਜਿਨ੍ਹਾਂ ਦੀ ਲੰਬਾਈ 2.5 ਕਿਲੋਮੀਟਰ ਹੈ, ਦੇ ਆਸ-ਪਾਸ ਵਿਰਾਸਤੀ ਮਾਰਗ ਦੇ ਨਿਰਮਾਣ ਨਾਲ ਜਿੱਥੇ ਸੁੰਦਰਤਾ ਵਿੱਚ ਹੋਰ ਵਾਧਾ ਹੋਵੇਗਾ ਉੱਥੇ ਸ਼ਹਿਰ ਵਾਸੀਆਂ ਨੂੰ ਬਾਰਿਸ਼ ਦੇ ਮੌਸਮ ਦੌਰਾਨ ਖੜ੍ਹਨ ਵਾਲੇ ਪਾਣੀ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲੇਗੀ।
ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ ਅਤੇ ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਪਹੁੰਚਦੇ ਹਨ। ਹੈਰੀਟੇਜ ਸਟਰੀਟ ਦੇ ਨਿਰਮਾਣ ਨਾਲ ਸ਼ਹਿਰ ਦੀ ਵਿਰਾਸਤੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਦੇ ਨਾਲ-ਨਾਲ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਬਿਹਤਰ ਸਹੂਲਤਾਂ ਉਪਲਬਧ ਹੋਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਇਸਨੂੰ ਦੇਸ਼-ਵਿਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰੀਟੇਜ ਸਟਰੀਟ ਸ੍ਰੀ ਮੁਕਤਸਰ ਸਾਹਿਬ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰੇਗੀ ਅਤੇ ਸਥਾਨਕ ਪੱਧਰ ’ਤੇ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਮੰਤਵ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਦਿਆਂ ਉਨ੍ਹਾਂ ਦੀ ਇਤਿਹਾਸਕ ਪਛਾਣ ਨੂੰ ਕਾਇਮ ਰੱਖਣਾ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾ ਰਿਹਾ ਇਹ ਪ੍ਰੋਜੈਕਟ ਇੱਕ ਅਹਿਮ ਕਦਮ ਹੈ।
ਇਸ ਮੌਕੇ ਹਲਕਾ ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਦਰਬਾਰ ਸਾਹਿਬ ਦੇ ਆਸ-ਪਾਸ ਸੁੰਦਰੀਕਰਨ ਲਈ ਬਣਨ ਵਾਲੇ ਗਲਿਆਰਿਆਂ ਅਤੇ ਹੈਰੀਟੇਜ ਸਟਰੀਟ ਦਾ ਜੋ ਕੰਮ ਚੱਲ ਰਿਹਾ ਹੈ ਉਸ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਪ੍ਰੋਜੈਕਟ ਅਧੀਨ ਚੱਲ ਰਹੇ ਕੰਮਾਂ ਨੂੰ ਪੂਰਾ ਕਰਕੇ ਜ਼ਿਲ੍ਹਾ ਵਾਸੀਆਂ ਦੇ ਸਪੁਰਦ ਕੀਤਾ ਜਾਵੇਗਾ।
ਸ. ਬਰਾੜ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਲਈ ਆਸ-ਪਾਸ ਦੇ ਇਲਾਕਾ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪ੍ਰੋਜੈਕਟ ਦੌਰਾਨ ਜੇਕਰ ਕਿਸੇ ਸ਼ਹਿਰ ਵਾਸੀ ਦੀ ਗਲੀ, ਸੀਵਰੇਜ, ਥੜ੍ਹੀ ਜਾਂ ਕੋਈ ਹੋਰ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਡਾਇਰੈਕਟਰ ਸੈਰ ਸਪਾਟਾ ਸੱਭਿਆਚਾਰਕ ਮਾਮਲੇ ਡਾ. ਸੰਜੀਵ ਕੁਮਾਰ ਤਿਵਾੜੀ, ਐਸ.ਐਸ.ਪੀ. ਸ੍ਰੀ ਅਭਿਮੰਨਿਊ ਰਾਣਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਡੈਵੀ ਗੋਇਲ, ਪ੍ਰਧਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਯੋਗਿਤਾ ਗੁੰਬਰ, ਸੀਨੀਅਰ ਵਾਈਸ ਪ੍ਰਧਾਨ ਹਰਦੀਪ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ।
