ਕੈਬਨਿਟ ਮੰਤਰੀ ਮਹਿੰਦਰ ਭਗਤ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ

Amritsar Politics Punjab

ਅੰਮ੍ਰਿਤਸਰ 25 ਸਤੰਬਰ 2024—

                ਹਾਲ ਹੀ ਵਿੱਚ ਪੰਜਾਬ ਕੈਬਨਿਟ ਦੇ ਹੋਏ ਵਿਸਥਾਰ ਦੌਰਾਨ ਮੰਤਰੀ ਬਣੇ ਸ੍ਰੀ ਮਹਿੰਦਰ ਭਗਤ ਅੱਜ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਕੋਲ ਇਸ ਵੱਡੀ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਬਲ ਬਖਸ਼ਣ ਦੀ ਅਰਦਾਸ ਕੀਤੀ।

ਅੰਮ੍ਰਿਤਸਰ ਵਿੱਖੇ ਪੁੱਜਣ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਉਨਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।  ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਜੀ ਆਇਆਂ ਕਿਹਾ ਗਿਆ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਭੇਟ ਕਰਕੇ ਉਨਾਂ ਨੂੰ ਸਨਮਾਨਿਤ ਕੀਤਾ।

ਉਨਾਂ ਨੇ ਕਿਹਾ  ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਦਿੱਤੀ ਹੋਈ ਨਵੀਂ ਜਿੰਮੇਵਾਰੀ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਉਨਾਂ ਕਿਹਾ ਕਿ ਉਹ ਪੰਜਾਬ ਨੂੰ ਮੁੜ ਤੋਂ ਲੀਹਾਂ ਉੱਤੇ ਲਿਆਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

                ਇਸ ਮਗਰੋਂ ਸ੍ਰੀ ਭਗਤ ਵੱਲੋਂ ਜਲਿਆਂਵਾਲਾ ਬਾਗ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਉਪਰੰਤ ਉਹਨਾਂ ਨੇ ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ,  ਰਾਮ ਤੀਰਥ ਵਿਖੇ ਪਹੁੰਚ ਕੇ ਭਗਵਾਨ ਦੇ ਦਰਸ਼ਨ ਕੀਤੇ ਤੇ ਪੰਜਾਬ ਦੇ ਭਲੇ ਲਈ ਕਾਮਨਾ ਕੀਤੀ। ਇਸ ਮੌਕੇ ਦੁਰਗਿਆਨਾ ਕਮੇਟੀ ਅਤੇ ਸ੍ਰੀ ਵਾਲਮੀਕਿ ਤੀਰਥ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ।

          ਇਸ ਮੌਕੇ ਉਨਾਂ ਦੇ ਨਾਲ ਤਹਿਸੀਲਦਾਰ ਮੈਡਮ ਰਾਜਵਿੰਦਰ ਕੌਰ, ਡਾ. ਰਾਕੇਸ਼ ਸ਼ਰਮਾ, ਸ੍ਰੀ ਪਰਵਿੰਦਰ ਕੁਮਾਰ, ਜੀ.ਐਮ. ਰਾਮਤੀਰਥ ਸ੍ਰੀ ਕੁਸ਼ਰਾਜ , ਨਾਇਬ ਤਹਿਸੀਲਦਾਰ ਲੋਪੋਕੇ ਤਰਲੋਚਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।