ਨੰਗਲ, 20 ਅਪ੍ਰੈਲ:
ਸਭ ਦਾ ਸਾਂਝਾ ਲੋਕ ਮਿਲਣੀ ਪੋ੍ਰਗਰਾਮ “ ਸਾਡਾ ਐਮ ਐਲ ਏ ਸਾਡੇ ਵਿੱਚ” ਨਿਰੰਤਰ ਜਾਰੀ ਹੈ। ਤਿੰਨ ਸਾਲ ਪਹਿਲਾਂ ਅਸੀਂ ਇਸ ਨਿਵੇਕਲੇ ਉਪਰਾਲੇ ਦੀ ਸੁਰੂਆਤ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਕੀਤੀ ਸੀ ਜਿਸ ਨਾਲ ਪਿੰਡਾਂ ਦੀਆਂ ਸਾਂਝੀਆਂ ਸੱਥਾਂ ਵਿੱਚ ਬੈਠ ਕੇ ਲੋਕਾਂ ਦੇ ਮਸਲੇ ਬਰੂਹਾ ਤੇ ਹੱਲ ਕਰਨੇ ਸੁਰੂ ਕੀਤੇ ਸਨ ਇਸ ਨਾਲ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਹੱਲ ਕਰਵਾਉਣ ਲਈ ਦਫਤਰਾਂ ਦੇ ਚੱਕਰਾਂ ਦੀ ਬੇਲੋੜੀ ਖੱਜਲ ਖੁਆਰੀ ਤੋਂ ਛੁੱਟਕਾਰਾ ਮਿਲਿਆਂ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਵਿਖੇ ਆਪਣੇ ਵਿਸੇਸ਼ ਪ੍ਰੋਗਰਾਮ ਸਾਡਾ ਐਮ ਐਲ ਏ ਸਾਡੇ ਵਿੱਚ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਰੱਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਜੁੜੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾ ਨੇ ਦੱਸਿਆ ਕਿ ਆਪਣੇ ਇਲਾਕੇ ਦੇ ਸ਼ਹਿਰਾਂ ਤੇ ਪਿੰਡਾ ਵਿੱਚ ਲਗਾਤਾਰ ਇਹ ਪ੍ਰੋਗਰਾਮ ਚੱਲ ਰਹੇ ਹਨ।ਜਿਥੇ ਆਮ ਲੋਕ ਪਹੁੰਚ ਕੇ ਸਾਨੂੰ ਆਪਣੇ ਕੀਮਤੀ ਸੂਝਾਅ ਵੀ ਦੇ ਰਹੇ ਹਨ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੇ ਦਿਨ ਚੰਡੀਗੜ੍ਹ ਵਿਖੇ ਕੇਂਦਰੀ ਬਿਜਲੀ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਅਤੇ ਨੰਗਲ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਅਤੇ ਸ਼ਹਿਰ ਦੇ ਵਸਨੀਕਾਂ ਦੇ ਜੀਵਨ-ਪੱਧਰ ਨੂੰ ਹੋਰ ਬਿਹਤਰ ਬਣਾਉਣ ਲਈ ਅਤੇ ਭਾਖੜਾ ਨੰਗਲ ਡੈਮ ਦੇ ਆਲੇ-ਦੁਆਲੇ ਵਸੇ ਇਸ ਸ਼ਹਿਰ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਰੱਖੀ ਹੈ।
ਉਹਨਾ ਨੇ ਦੱਸਿਆ ਕਿ ਨੰਗਲ ਨੂੰ ਇੱਕ ਮਾਡਲ ਸ਼ਹਿਰ ਅਤੇ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਕੇਂਦਰੀ ਮੰਤਰੀ ਤੋਂ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।ਜਿਸ ਵਿੱਚ ਇੱਕ ਵਿਆਪਕ ਟਾਊਨਸ਼ਿਪ ਵਿਕਸਿਤ ਕਰਨ ਦੇ ਨਾਲ-ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਖੇਤਰ ਦਾ ਵਿਕਾਸ, ਮਨਮੋਹਕ ਦ੍ਰਿਸ਼ਾਂ ਨਾਲ ਲਬਰੇਜ ਸੁੰਦਰ ਰੇਲਵੇ ਲਾਈਨ ਵਿਛਾਉਣਾ ਅਤੇ ਭਾਖੜਾ ਨੰਗਲ ਡੈਮ ਅਜਾਇਬ ਘਰ ਦੇ ਉਸਾਰੀ ਕਾਰਜ ਨੂੰ ਪੂਰਾ ਕਰਨ ਨੂੰ ਤਰਜੀਹ ਦਿੱਤੀ ਹੈ।
ਉਹਨਾਂ ਨੇ ਸ੍ਰੀ ਖੱਟਰ ਨੂੰ ਨੰਗਲ ਦੀ ਇਤਿਹਾਸਕ ਮਹੱਤਤਾ `ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਇਸ ਸ਼ਹਿਰ ਨੂੰ ਆਜ਼ਾਦੀ ਤੋਂ ਬਾਅਦ ਭਾਰਤ ਦੀ ਤਰੱਕੀ ਦੀ ਇੱਕ ਸ਼ਾਨਦਾਰ ਮਿਸਾਲ ਵਜੋਂ ਉਜਾਗਰ ਕੀਤਾ ਗਿਆ ਹੈ। ਉਨ੍ਹਾਂ ਨੇ 1960 ਅਤੇ 1970 ਦੇ ਦਹਾਕੇ ਵਿੱਚ ਇਸ ਸ਼ਹਿਰ ਦੇ ਸੁਨਹਿਰੀ ਯੁੱਗ ਨੂੰ ਯਾਦ ਰੱਖਣ ਲਈ ਕਿਹਾ ਹੈ, ਜਦੋਂ ਇਸਨੂੰ ਭਾਰਤ ਦੇ ਸਭ ਤੋਂ ਸੁੰਦਰ, ਯੋਜਨਾਬੱਧ ਅਤੇ ਜੀਵੰਤ ਸ਼ਹਿਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਸੀ।ਉਸ ਸਮੇਂ ਇਸ ਸ਼ਹਿਰ ਦੇ ਸੁੰਦਰ ਰੁੱਖਾਂ ਨਾਲ ਲੱਦੇ ਰਾਹ, ਢਾਂਚਾਗਤ ਖਾਕਾ ਅਤੇ ਅਮੀਰ ਸੱਭਿਆਚਾਰਕ ਜੀਵਨ-ਸ਼ੈਲੀ ਪੰਜਾਬ ਅਤੇ ਪੂਰੇ ਦੇਸ਼ ਲਈ ਮਾਣ ਦਾ ਸਰੋਤ ਸੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਕੇੇੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਦਾ ਹੈ ਕਿ ਸਮੇਂ ਦੇ ਬੀਤਣ ਨਾਲ ਇਸ ਸ਼ਹਿਰ ਦੇ ਜੋਬਨ ਦੇ ਹੌਲੀ-ਹੌਲੀ ਗੁਆਚ ਜਾਣ ਉੱਤੇ ਅਫ਼ਸੋਸ ਹੁੰਦਾ ਹੈ ਹੁਣ ਇਹ ਸ਼ਹਿਰ “ਖੰਡਰ” ਬਣ ਕੇ ਰਹਿ ਗਿਆ ਹੈ, ਜੋ ਇਸਦੇ ਸ਼ਾਨਦਾਰ ਅਤੀਤ ਦਾ ਮਹਿਜ਼ ਇੱਕ ਪਰਛਾਵਾਂ ਮਾਤਰ ਹੈ।
ਸ. ਹਰਜੋਤ ਸਿੰਘ ਬੈਂਸ ਨੇ ਸ਼ਹਿਰ ਵਿੱਚ ਇੱਕ ਵਿਆਪਕ ਟਾਊਨਸ਼ਿਪ ਵਿਕਸਿਤ ਕਰਨ ਦਾ ਪ੍ਰਸਤਾਵ ਰੱਖਦਿਆਂ ਕਿਹਾ ਕਿ ਨੰਗਲ ਵਿੱਚ ਬੁਨਿਆਦੀ ਸ਼ਹਿਰੀ ਸਹੂਲਤਾਂ ਦੀ ਵੀ ਘਾਟ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਢੁਕਵੀਂ ਖਾਲੀ ਜ਼ਮੀਨ ਹੋਣ ਦੇ ਬਾਵਜੂਦ ਇਥੇ ਸਿਨੇਮਾ ਹਾਲ, ਸ਼ਾਪਿੰਗ ਕੰਪਲੈਕਸ ਅਤੇ ਮਨੋਰੰਜਨ ਕੇਂਦਰ ਨਹੀਂ ਹਨ। ਸ. ਹਰਜੋਤ ਸਿੰਘ ਬੈਂਸ ਨੇ ਸੁਝਾਅ ਦਿੱਤਾ ਕਿ ਪਾਰਦਰਸ਼ੀ ਪ੍ਰਕਿਰਿਆ ਤਹਿਤ ਜ਼ਮੀਨ ਦੇ ਇੱਕ ਹਿੱਸੇ ਨੂੰ ਲੀਜ਼ `ਤੇ ਦੇਣ ਨਾਲ ਸ਼ਹਿਰ ਦਾ ਮੁਹਾਂਦਰਾ ਬਦਲ ਸਕਦਾ ਹੈ, ਜਿਥੇ ਮਨੋਰੰਜਕ ਗਤੀਵਿਧੀਆਂ ਲਈ ਜ਼ੋਨ, ਸ਼ਾਪਿੰਗ ਆਰਕੇਡ, ਅਰਬਨ ਪਾਰਕ ਅਤੇ ਰੋਜ਼ਗਾਰ ਕੇਂਦਰ ਬਣ ਸਕਦੇ ਹਨ। ਇਹ ਨਾ ਸਿਰਫ਼ ਸ਼ਹਿਰ ਦੇ ਵਸਨੀਕਾਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕੇਗਾ ਬਲਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਲਈ ਬਾਕਾਇਦਾ ਮਾਲੀਆ ਦਾ ਸਰੋਤ ਵੀ ਬਣ ਸਕੇਗਾ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਕੇਂਦਰੀ ਮੰਤਰੀ ਕੋਲ ਨੰਗਲ ਲੇਕ ਰਿਵਰਫਰੰਟ ਦੇ ਨਾਲ ਲੱਗਦੇ ਖੇਤਰ ਦੇ ਵਿਕਾਸ ਦੀ ਮੰਗ ਵੀ ਰੱਖੀ ਹੈ। ਉਨ੍ਹਾਂ ਨੇ ਸਦਨ ਦੇ ਨਾਲ ਲੱਗਦੀ ਰਿਵਰ ਵਿਊ ਰੋਡ ਨੂੰ ਇੱਕ ਸ਼ਾਨਦਾਰ ਕੁਦਰਤੀ ਦ੍ਰਿਸ਼ ਵਜੋਂ ਉਜਾਗਰ ਕਰਦਿਆਂ ਕਿਹਾ ਕਿ ਵਰਤਮਾਨ ਵਿੱਚ ਇਹ ਜਗ੍ਹਾ ਖਾਲ੍ਹੀ ਪਈ ਹੈ, ਜਿਸ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਹਿੱਸੇ ਨੂੰ ਇੱਕ ਵਿਸ਼ਵ ਪੱਧਰੀ ਰਿਵਰਫਰੰਟ ਵਿੱਚ ਬਦਲਣ ਲਈ ਇਥੇ ਸ਼ਾਂਤ ਸੈਰਗਾਹ ਅਤੇ ਪੈਦਲ ਚੱਲਣ ਤੇ ਸਾਈਕਲਿੰਗ ਲਈ ਟਰੈਕ, ਖਾਣ-ਪੀਣ ਵਾਲੀਆਂ ਅਤੇ ਸੱਭਿਆਚਾਰਕ ਥਾਵਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਸੈਲਾਨੀ ਆਕਰਸ਼ਿਤ ਹੋਣਗੇ ਅਤੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਸ. ਹਰਜੋਤ ਸਿੰਘ ਬੈਂਸ ਨੇ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਵਜੋਂ ਇੱਕ ਸੁੰਦਰ ਰੇਲਵੇ ਲਾਈਨ ਦੀ ਉਸਾਰੀ ਦਾ ਪ੍ਰਸਤਾਵ ਰੱਖਦਿਆਂ ਕਿਹਾ ਕਿ ਨੰਗਲ ਤੋਂ ਭਾਖੜਾ ਡੈਮ ਤੱਕ ਪੁਰਾਣੀ ਰੇਲਵੇ ਲਾਈਨ, ਜੋ ਕਿ ਮਨਮੋਹਕ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ, ਨੂੰ ਵਿਕਸਿਤ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਰੂਟ `ਤੇ ਇੱਕ ਨਵੀਂ ਸ਼ੀਸ਼ੇ ਦੀ ਛੱਤ ਵਾਲੀ ਵਿਰਾਸਤੀ ਰੇਲਗੱਡੀ ਜਾਂ ਲਾਈਟ ਰੇਲ ਸਰਵਿਸ ਸ਼ੁਰੂ ਕੀਤੀ ਜਾ ਸਕਦੀ ਹੈ, ਜੋ ਵਿਲੱਖਣ ਅਨੁਭਵ ਪ੍ਰਦਾਨ ਕਰੇਗੀ ਅਤੇ ਨੰਗਲ ਨੂੰ ਵਿਸ਼ਵ ਦੇ ਸੈਰ-ਸਪਾਟਾ ਨਕਸ਼ੇ `ਤੇ ਮੁੜ-ਉਭਾਰੇਗੀ।
ਭਾਖੜਾ ਨੰਗਲ ਡੈਮ ਮਿਊਜ਼ੀਅਮ ਦੇ ਕਾਰਜ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਮੰਗ ਰੱਖਦਿਆਂ ਸ. ਬੈਂਸ ਨੇ ਇਸ ਅਜਾਇਬ ਘਰ ਦੇ ਨਿਰਮਾਣ ਵਿੱਚ ਲੰਬੀ ਦੇਰੀ`ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਕਾਰਜ ਲਈ ਕਈ ਸਾਲਾਂ ਤੋਂ ਨੀਂਹ ਪੱਥਰ ਤਾਂ ਰੱਖੇ ਜਾ ਰਹੇ ਹਨ ਪਰ ਕੰਮ ਅਜੇ ਤੱਕ ਮੁਕੰਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਅਜਾਇਬ ਘਰ, ਇੱਕ ਵਾਰ ਪੂਰਾ ਹੋਣ ਤੋਂ ਬਾਅਦ ਸੈਂਟਰ ਆਫ਼ ਲਰਨਿੰਗ ਐਂਡ ਪਰਾਈਡ ਵਜੋਂ ਕੰਮ ਕਰੇਗਾ, ਜਿਸ ਵਿੱਚ ਭਾਰਤ ਦੀ ਇੰਜਨੀਅਰਿੰਗ ਕਲਾ ਅਤੇ ਆਜ਼ਾਦੀ ਤੋਂ ਬਾਅਦ ਦੇ ਵਿਕਾਸ ਨੂੰ ਬਾਖੂਬੀ ਦਰਸਾਇਆ ਜਾ ਸਕੇਗਾ। ਉਨ੍ਹਾਂ ਨੇ ਇਸ ਸਬੰਧੀ ਕੇਂਦਰੀ ਬਿਜਲੀ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕਰਦਿਆਂ ਅਜਾਇਬ ਘਰ ਦੇ ਕਾਰਜ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਕੋਲ ਨੰਗਲ ਦੇ ਹੋਰ ਵਿਕਾਸ ਦੀ ਗੱਲ ਕਰਦਿਆਂ ਜ਼ੋਰ ਦਿੱਤਾ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚਿਆਂ ਵਿੱਚੋਂ ਇੱਕ ਭਾਖੜਾ ਨੰਗਲ ਡੈਮ ਦੇ ਸੁੰਦਰੀਕਰਨ ਦੀ ਲੋੜ ਹੈ। ਉਨ੍ਹਾਂ ਨੇ ਇਸ ਸਬੰਧੀ ਇੱਕ ਰਣਨੀਤਕ ਲਾਈਟਨਿੰਗ ਯੋਜਨਾ ਦਾ ਸੁਝਾਅ ਦਿੱਤਾ ਜੋ ਇਸਨੂੰ ਦੁਨੀਆ ਭਰ ਦੇ ਮਸ਼ਹੂਰ ਡੈਮਾਂ ਅਤੇ ਰਿਵਰਫਰੰਟਜ਼ ਦੀ ਤਰਜ਼ ਉੱਤੇ ਰਾਤ ਦੇ ਸਮੇਂ ਆਕਰਸ਼ਣ ਦੇ ਮੁੱਖ ਕੇਂਦਰ ਵਿੱਚ ਬਦਲ ਸਕਦੀ ਹੈ।
ਕੇਂਦਰੀ ਮੰਤਰੀ ਅੱਗੇ ਨੰਗਲ ਲਈ ਇੱਕ ਪਾਰਦਰਸ਼ੀ ਅਤੇ ਆਧੁਨਿਕ ਲੀਜ਼ ਨੀਤੀ ਦੀ ਵੀ ਮੰਗ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਨੰਗਲ ਦੇ ਹਜ਼ਾਰਾਂ ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਸੋਧੀ ਹੋਈ ਲੀਜ਼ ਨੀਤੀ ਦੀ ਜ਼ਰੂਰਤ `ਤੇ ਜ਼ੋਰ ਦਿੱਤਾ ਹੈ ਤਾਂ ਜੋ ਦਹਾਕਿਆਂ ਤੋਂ ਨੰਗਲ ਵਿੱਚ ਰਹਿੰਦੇ ਹੋਏ ਵੀ ਲਗਾਤਾਰ ਉਜਾੜੇ ਦੇ ਡਰ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੀ ਜਾਇਜ ਮੰਗੀ ਮੁਤਾਬਿਕ ਲੀਜ਼ ਨੀਤੀ ਵਿੱਚ ਸਪੱਸ਼ਟਤਾ ਦੀ ਘਾਟ ਲੋਕਾਂ ਵਿੱਚ ਬੇਚੈਨੀ ਦਾ ਕਾਰਨ ਬਣਦੀ ਹੈ, ਜਿਸ ਨਾਲ ਨਿੱਜੀ ਨਿਵੇਸ਼ ‘ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਨੇ ਇੱਕ ਪਾਰਦਰਸ਼ੀ, ਲੋਕ-ਪੱਖੀ ਅਤੇ ਮਾਲੀਆ ਪੈਦਾ ਕਰਨ ‘ਤੇ ਕੇਂਦਰਤ ਲੀਜ਼ ਨੀਤੀ ਦੀ ਵਕਾਲਤ ਕੀਤੀ ਤਾਂ ਜੋ ਨੰਗਲ ਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਕੇ ਲੰਬੇ ਸਮੇਂ ਤੋਂ ਲਟਕ ਰਹੇ ਕਾਨੂੰਨੀ ਵਿਵਾਦਾਂ ਨੂੰ ਹੱਲ ਕਰੇਗੀ ਅਤੇ ਬੀਬੀਐਮਬੀ ਲਈ ਮਾਲੀਏ ਦਾ ਸਾਧਨ ਬਣੇਗੀ। ਉਹਨਾ ਨੇ ਦੱਸਿਆ ਕਿ ਅਸੀਂ ਸ੍ਰੀ ਮਨੋਹਰ ਲਾਲ ਖੱਟਰ ਨੂੰ ਨੰਗਲ ਨੂੰ ਮਾਡਲ ਸ਼ਹਿਰ ਵਜੋਂ ਮੁੜ ਸੁਰਜੀਤ ਕਰਨ ਲਈ ਦਖਲ ਦੇਣ ਦੀ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਹੈ ਕਿ ਨੰਗਲ ਰਹਿਮ ਦੀ ਨਹੀਂ, ਸਗੋਂ ਆਪਣੀ ਗੁਆਚੀ ਸ਼ਾਨ ਦੀ ਬਹਾਲੀ ਦੀ ਮੰਗ ਕਰਦਾ ਹੈ। ਉਹਨਾ ਨੇ ਕਿਹਾ ਕਿ ਨੰਗਲ ਵਾਸੀਆਂ ਦੀਆਂ ਲੋੜਾਂ ਤੇ ਮੁਸ਼ਕਿਲਾਂ ਹੱਲ ਕਰਨਾ ਮੇਰੀ ਜਿੰਮੇਵਾਰੀ ਹੈ।ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਸਾਰੀਆਂ ਚੋਣਾਂ ਵਿੱਚ ਮਾਣ ਬਖ਼ਸਿ਼ਆ ਹੈ ਅਸੀਂ ਲੋਕਾਂ ਦੀ ਸੇਵਾ ਲਈ ਪੂਰੀਤਰ੍ਹਾਂ ਵਚਨਬੰਧ ਹਾਂ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੀਸ਼ ਚੋਪੜਾ,ਠੇਕੇਦਾਰ ਕੇਹਰ ਸਿੰਘ,ਪ੍ਰਵੀਨ ਅੰਸਾਰੀ,ਟਰੱਕ ਯੂਨੀਅਨ ਪ੍ਰਧਾਨ ਰੋਹਿਤ ਕਾਲੀਆਂ, ਐਡਵੋਕੇਟ ਨਿਸਾਂਤ ਗੁਪਤਾ, ਮੁਕੇਸ਼ ਵਰਮਾ,ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ,ਰਣਜੀਤ ਸੈਣੀ,ਕਰਨ ਸੈਣੀ,ਮੁਨੀਸ਼ ਕੁਮਾਰ,ਸੁਮਿਤ ਤਲਵਾੜਾ,ਨਿੰਤਨ ਸ਼ਰਮਾ,ਅੰਕੁਸ਼ ਪਾਠਕ,ਦੀਪੂ ਬਾਸ,ਰਜਿੰਦਰ ਕੁਮਾਰ,ਵੇਦ ਪ੍ਰਕਾਸ਼ ਸੁਆਮੀਪੁਰ,ਤਰੁਨ ਸ਼ਰਮਾ ਬਾਸ,ਸ਼ੇਰ ਸਿੰਘ ਸੇਰੂ,ਵਿਸ਼ਾਲ ਸੰਦਲ,ਜਸਪ੍ਰੀਤ ਭਾਟੀਆਂ ਆਦਿ ਹਾਜ਼ਰ ਸਨ।