ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਗਲਾਡਾ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ

Ludhiana Politics Punjab

ਲੁਧਿਆਣਾ, 04 ਨਵੰਬਰ (000) – ਪੰਜਾਬ ਸਰਕਾਰ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਵੱਲੋਂ ਸਥਾਨਕ ਗਲਾਡਾ ਦਫ਼ਤਰ ਵਿਖੇ ਆਪਣੀ ਪਲੇਠੀ ਫੇਰੀ ਦੌਰਾਨ ਗਲਾਡਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਮੁੱਖ ਪ੍ਰਸ਼ਾਸ਼ਕ, ਗਲਾਡਾ ਸ੍ਰੀ ਹਰਪ੍ਰੀਤ ਸਿੰਘ, ਆਈ.ਏ.ਐਸ., ਵਧੀਕ ਮੁੱਖ ਪ੍ਰਸ਼ਾਸ਼ਕ ਗਲਾਡਾ ਸ੍ਰੀ ਅਮਨ ਗੁਪਤਾ, ਪੀ.ਐਸ.ਐਸ., ਸ੍ਰੀ ਵਿਨੀਤ ਕੁਮਾਰ ਪੀ.ਸੀ.ਐਸ., ਮਿਲਖ ਅਫਸਰ, ਗਲਾਡਾ ਸਮੇਤ ਗਲਾਡਾ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਮੀਟਿੰਗ ਦੌਰਾਨ ਗਲਾਡਾ ਦੇ ਵੱਖ-ਵੱਖ ਕਾਰਜ਼ਾਂ ਦੀ ਸਮੀਖਿਆ ਕਰਦਿਆਂ  ਹਦਾਇਤ ਕੀਤੀ ਕਿ ਗਲਾਡਾ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ, ਇਮਾਨਦਾਰੀ ਅਤੇ ਸੱਚੀ ਨਿਸ਼ਠਾ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਗਲਾਡਾ ਦੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਲੁਧਿਆਣਾ ਵਿਖੇ ਗਲਾਡਾ ਦੀ ਹਦੂਦ ਅੰਦਰ ਜੋ ਵੀ ਗੈਰ-ਕਾਨੂੰਨੀ ਉਸਾਰੀਆਂ ਅਤੇ ਗੈਰ ਕਾਨੂੰਨੀ ਕਲੋਨੀਆਂ ਦੀ ਉਸਾਰੀ ਹੋ ਰਹੀ ਹੈ, ਉਸ ਨੂੰ ਤੁਰੰਤ ਰੋਕਿਆ ਜਾਵੇ ਅਤੇ ਨਜਾਇਜ ਉਸਾਰੀਕਰਤਾ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਲੋਨਾਈਜਰਾਂ ਨੂੰ ਲਾਇਸੰਸ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਵੇ ਤਾਂ ਜੋ ਸਰਕਾਰ ਦੇ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਲੋਕਾਂ ਦਾ ਰੁਝਾਨ ਗੈਰ-ਕਾਨੂੰਨੀ/ਅਣ-ਅਧਿਕਾਰਤ ਕਲੋਨੀਆਂ ਤੋਂ ਹੱਟ ਕੇ ਅਧਿਕਾਰਿਤ ਕਲੋਨੀਆਂ ਵੱਲ ਵੱਧ ਸਕੇ।

ਇਸ ਤੋਂ ਇਲਾਵਾ ਇੰਜੀਨੀਅਰਿੰਗ ਬ੍ਰਾਂਚ ਨੂੰ ਹਦਾਇਤ ਕੀਤੀ ਗਈ ਕਿ ਗਲਾਡਾ ਦੁਆਰਾ ਸਥਾਪਿਤ ਕੀਤੀਆਂ ਸਾਈਟਾਂ ਵਿੱਚ ਪੈਂਦੇ ਪਾਰਕਾਂ ਦਾ ਨਿਰੰਤਰ ਰੱਖ ਰਖਾਵ ਕੀਤਾ ਜਾਵੇ ਤਾਂ ਜੋ ਲੋਕ ਇਨ੍ਹਾਂ ਪਾਰਕਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।

ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਵੱਲੋਂ ਗਲਾਡਾ ਦੀਆਂ ਖਾਲੀ ਪਈਆਂ ਸਾਈਟਾਂ ਦੀ ਡਿਵੈਲਪਮੈਂਟ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਤਾਂ ਜੋ ਉਨ੍ਹਾਂ ਦੀ ਨਿਲਾਮੀ ਕਰਕੇ ਸਰਕਾਰ ਦਾ ਮਾਲੀਆ ਵਧਾਇਆ ਜਾ ਸਕੇ।

Leave a Reply

Your email address will not be published. Required fields are marked *