ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਅਮਨ ਅਰੋੜਾ ਨੇ ਸ੍ਰ. ਹਰਦੇਵ ਸਿੰਘ ਧਾਲੀਵਾਲ ਯਾਦਗਾਰੀ ਪੁਲਿਸ ਸਾਹਿਤਕਾਰ ਇਨਾਮ ਵੰਡ ਸਮਾਗਮ ਦੀ ਕੀਤੀ ਪ੍ਰਧਾਨਗੀ

Politics Punjab

ਸੁਨਾਮ ਊਧਮ ਸਿੰਘ ਵਾਲਾ, 14 ਮਾਰਚ:

ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਕੈਬਨਿਟ ਮੰਤਰੀ  ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਅੱਜ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿੱਚ ਸ੍ਰ. ਹਰਦੇਵ ਸਿੰਘ ਧਾਲੀਵਾਲ ਯਾਦਗਾਰੀ ਪੁਲਿਸ ਸਾਹਿਤਕਾਰ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ। ਧਾਲੀਵਾਲ ਪਰਿਵਾਰ ਅਤੇ ਸਾਹਿਤ ਸਭਾ ਸੁਨਾਮ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਸਾਬਕਾ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੂੰ ਦੂਸਰਾ ਪੁਲਿਸ ਸਾਹਿਤਕਾਰ ਸਨਮਾਨ ਦਿੱਤਾ ਗਿਆ। 

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਕਿਹਾ ਕਿ ਪੰਜਾਬ ਦੀ ਆਜ਼ਾਦ ਫਿਜ਼ਾ ਨੂੰ ਬਚਾਉਣ ਲਈ ਉਨ੍ਹਾਂ ਦਾ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮਾਗਮ ਪੁਲਿਸ ਮਹਿਕਮੇ ਵਿੱਚ ਕੰਮ ਕਰ ਰਹੇ ਜਾਂ ਕੰਮ ਕਰ ਚੁੱਕੇ ਚੰਗੇ ਪੁਲਿਸ ਅਧਿਕਾਰੀਆਂ ਨੂੰ ਸਮਾਜ ਦੇ ਸਾਹਮਣੇ ਲਿਆਉਣ ਲਈ ਬਹੁਤ ਸਹਾਈ ਹੋਣਗੇ। ਉਨ੍ਹਾ ਕਿਹਾ ਕਿ ਇਸ ਪਰਿਵਾਰ ਨਾਲ ਉਨ੍ਹਾਂ ਦੇ ਬਹੁਤ ਪੁਰਾਣੇ ਸੰਬੰਧ ਹਨ ਅਤੇ ਉਮੀਦ ਹੈ ਭਵਿੱਖ ਵਿੱਚ ਵੀ ਪਰਿਵਾਰ ਇਹ ਸਾਰਥਕ ਉਪਰਾਲੇ ਜਾਰੀ ਰੱਖੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਨਿਰੰਤਰ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸਮਾਗਮ ਬਹੁਤ ਪ੍ਰਭਾਵਸ਼ਾਲੀ ਹੈ ਕਿਉਂਕਿ ਸਾਹਿਤ ਹੱਦਾਂ-ਸਰਹੱਦਾਂ ਤੋਂ ਪਾਰ ਦੀ ਗੱਲ ਬਹੁਤ ਹੀ ਸਹਿਜ ਤਰੀਕੇ ਨਾਲ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਵ. ਹਰਦੇਵ ਸਿੰਘ ਧਾਲੀਵਾਲ ਨੇ ਬਹੁਤ ਹੀ ਇਮਾਨਦਾਰੀ ਅਤੇ ਦ੍ਰਿੜ ਨਿਸ਼ਚੇ ਨਾਲ ਸਾਫ-ਸੁਥਰੇ ਅਕਸ ਨਾਲ ਆਪਣੀ ਡਿਊਟੀ ਕੀਤੀ। 

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ ਹੈ ਜਿਸਦਾ ਮਕਸਦ ਸੂਬੇ ਵਿੱਚੋਂ ਫੈਸਲਾਕੁੰਨ ਤਰੀਕੇ ਨਾਲ ਸਪਲਾਈ ਚੈਨ ਤੋੜ ਕੇ ਨਸ਼ਿਆਂ ਦੀ ਆਦਤ ਤੋਂ ਪੀੜਤ ਲੋਕਾਂ ਦਾ ਇਲਾਜ ਕਰਵਾ ਕੇ ਮੁੜ ਤੋਂ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਨਸ਼ਿਆਂ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਸਨ ਅਤੇ ਹੁਣ ਪੂਰੇ ਜੋਸ਼ ਅਤੇ ਜ਼ੋਰ ਨਾਲ ਨਸ਼ਿਆਂ ਦਾ ਸਫਾਇਆ ਕਰਨ ਲਈ ਇਹ ਯੁੱਧ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਸਮੇਤ ਸਾਰੀਆਂ ਬੁਰੀਆਂ ਅਲਾਮਤਾਂ ਨੂੰ ਸਮਾਜ ਵਿੱਚੋਂ ਜੜ੍ਹੋਂ ਖਤਮ ਕਰਨ ਲਈ ਸਰਕਾਰ ਦੀ ਚਲਾਈ ਇਸ ਮਹਿੰਮ ਵਿੱਚ ਲਾਜ਼ਮੀ ਤੌਰ ‘ਤੇ ਸਹਿਯੋਗ ਜ਼ਰੂਰ ਕਰਨ।

ਸਾਬਕਾ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੇ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਫਜ਼ੂਲ ਖ਼ਰਚੀ ਘਟਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਨਸ਼ਿਆਂ ਦੀ ਦੁਰਵਰਤੋਂ ‘ਤੇ ਵੀ ਠੱਲ੍ਹ ਪਾਉਣ ਲਈ ਲੋਕਾਂ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ।

ਇਸ ਮੌਕੇ ਹੋਰਨਾ ਤੋਂ ਇਲਾਵਾ ਆਪ ਆਗੂ ਸੋਨੀਆ ਮਾਨ, ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਚੇਅਰਮੈਨ ਮੁਕੇਸ਼ ਜੁਨੇਜਾ, ਏ.ਆਈ.ਜੀ. ਹਰਵਿੰਦਰ ਸਿੰਘ ਵਿਰਕ, ਜ਼ਿਲ੍ਹਾ ਭਲਾਈ ਅਫ਼ਸਰ ਬਰਨਾਲਾ ਗੁਰਿੰਦਰਜੀਤ ਸਿੰਘ ਧਾਲੀਵਾਲ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਐਸ.ਪੀ. ਸੁਖਮਿੰਦਰ ਸਿੰਘ ਚੌਹਾਨ, ਰੁਪਿੰਦਰ ਸਿੰਘ ਉੱਪਲ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *