ਕੈਬਨਿਟ ਮੰਤਰੀ ਈ.ਟੀ.ਓ. ਨੇ ਸਰੂਪ ਰਾਣੀ ਕਾਲਜ ਨੂੰ ਨਵੀਨੀਕਰਨ ਕਰਨ ਲਈ ਤਿੰਨ ਲੱਖ ਰੁਪਏ ਦੇਣ ਦਾ ਕੀਤਾ ਐਲਾਨ

Amritsar

ਅੰਮ੍ਰਿਤਸਰ 24 ਫਰਵਰੀ 2024–

ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਕਿਉਂਕਿ ਅੱਜ ਦੀਆਂ ਲੜਕੀਆਂ ਕਿਸੇ ਵੀ ਪਾਸੇ ਲੜਕਿਆਂ ਤੋਂ ਘੱਟ ਨਹੀਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਸਰੂਪ ਰਾਣੀ ਕਾਲਜ (ਇਸਤਰੀਆਂ) ਵਿਖੇ ਕਰਵਾਏ ਗਏ 91ਵਾਂ ਸਾਲਾਨਾ ਖੇਡ ਮੇਲੇ ਨੂੰ ਸੰਬੋਧਨ ਕਰਦਿਆਂ ਕੀਤਾ।

ਸ: ਈ.ਟੀ.ਓ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਖੇਡਾਂ ਨਾਲ ਜਿੱਥੇ ਸਾਡਾ ਮਾਨਸਿਕ ਪੱਧਰ ਉੱਚਾ ਹੁੰਦਾ ਹੈ, ਉਥੇ ਅਨੁਸਾਸ਼ਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਉਨਾਂ ਨੇ ਭਾਗ ਲੈਣ ਵਾਲੀਆਂ ਸਮੂਹ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਮਹਾਨ ਔਰਤਾਂ ਤੋਂ ਮਿਸਾਲ ਲੈ ਕੇ ਅੱਗੇ ਵੱਧਣਾ ਚਾਹੀਦਾ ਹੈ ਅਤੇ ਆਪਣਾ ਹੌਂਸਲਾ ਕਦੇ ਨਹੀਂ ਛੱਡਣਾ ਚਾਹੀਦਾ। ਸ: ਈ.ਟੀ.ਓ. ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਲੜਕੀਆਂ ਲੜਕਿਆਂ ਨਾਲੋਂ ਕਾਫ਼ੀ ਅੱਗੇ ਵੱਧ ਗਈਆਂ ਹਨ ਅਤੇ ਹਰ ਖੇਤਰ ਵਿੱਚ ਆਪਣਾ ਨਾਮਨਾ ਖੱਟ ਰਹੀਆਂ ਹਨ।

ਕੈਬਨਿਟ ਮੰਤਰੀ ਸ: ਈ.ਟੀ.ਓ ਨੇ ਕਾਲਜ ਨੂੰ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਇਸਦੇ ਨਾਲ ਕਾਲਜ ਦੀ ਰਿਪੇਅਰ ਵੀ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਵੱਖ ਵੱਖ ਸਕੀਮਾਂ ਅਧੀਨ ਕਾਲਜ ਦੀ ਆਡੀਟੋਰੀਅਮ ਦੀ ਰਿਪੇਅਰ ਕਰਨਾ, ਕਾਲਜ ਦੀ ਮੌਜੂਦਾ ਪਾਰਕਿੰਗ ਨੂੰ ਵਿਸਥਾਰ ਕਰਨਾ, ਕਾਲਜ ਨੂੰ ਵਾਈਟ ਵਾਸ਼ ਕਰਨਾ, ਖਰਾਬ ਦਰਵਾਜੇ ਅਤੇ ਖਿੜਕੀਆਂ ਨੂੰ ਬਦਲਣਾ, ਬਿਜਲੀ ਦੀਆਂ ਖਰਾਬ ਤਾਰਾਂ ਨੂੰ ਬਦਲਣ ਤੋਂ ਇਲਾਵਾ ਹੋਰ ਛੋਟੇ ਮੋਟੇ ਕੰਮ ਕਰਵਾਏ ਜਾਣਗੇ। ਉਨਾਂ ਵਿਸ਼ਵਾਸ਼ ਦਵਾਇਆ ਕਿ ਆਉਂਦੇ ਛੇ ਮਹੀਨੇ ਦੌਰਾਨ ਇਹ ਸਾਰੇ ਕੰਮ ਮੁਕੰਮਲ ਕੀਤੇ ਜਾਣਗੇ।

ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਮੈਡਮ ਦਲਜੀਤ ਕੌਰ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨਾਂ ਨੇ ਵਿਸ਼ੇਸ਼ ਮਹਿਮਾਨ ਕਰਨਲ ਅਕਸ਼ੈ ਭਗਤ ਐਸ.ਐਮ. 21ਵੀਂ ਬਟਾਲੀਅਨ ਕੁਮਾਉਂ ਰੈਜੀਮੈਂਟ, ਪਹਿਲੀ ਪੰਜਾਬ ਗਰਲਜ਼ ਬਟਾਲੀਅਨ ਵੱਲੋਂ ਵੀ ਕਾਲਜ ਪੁੱਜਣ ’ਤੇ ਸਵਾਗਤ ਕੀਤਾ ਗਿਆ। ਇਸ ਉਪਰੰਤ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ 100, 200, 400, 800 ਮੀਟਰ ਦੌੜ, ਲੈਪ ਰੇਸ, ਉੱਚੀ ਛਾਲ, ਲੰਬੀ ਛਾਲ ਅਤੇ ਸਲੋ ਸਾਈਕਲ ਈਵੈਂਟਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਬੀਏ ਛੇਵੇਂ ਸਮੈਸਟਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਪਿ੍ੰਸੀਪਲ ਮੈਡਮ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ਼ ਦੀ ਉਨ੍ਹਾਂ ਦੇ ਅਨੁਸ਼ਾਸਨ ਦੀ ਸ਼ਲਾਘਾ ਵੀ ਕੀਤੀ। ਸੰਗੀਤ ਵਿਭਾਗ ਵੱਲੋਂ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।