ਪਾਈਟੈਕਸ ਨਾਲ ਪੰਜਾਬ ਦੇ ਕਾਰੋਬਾਰੀਆਂ ਨੂੰ ਮਿਲਿਆ ਅੰਤਰਰਾਸ਼ਟਰੀ ਮੰਚ : ਧਾਲੀਵਾਲ

Amritsar Politics Punjab

ਅੰਮ੍ਰਿਤਸਰ 2 ਦਸੰਬਰ 2024—

ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਰਾਹੀਂ ਪੰਜਾਬ ਦੇ ਕਾਰੋਬਾਰੀਆਂ ਨੂੰ ਇੱਕ ਅੰਤਰਰਾਸ਼ਟਰੀ ਮੰਚ ਮਿਲ ਰਿਹਾ ਹੈ।

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ  ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਹੋਣ ਜਾ ਰਹੇ 18ਵੇਂ ਪਾਈਟੈਕਸ ਸਮਾਗਮ ਤੋਂ ਪਹਿਲਾਂ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵਪਾਰ ਮੇਲੇ ਲੱਗਦੇ ਹਨ ਪਰ ਪਾਈਟੈਕਸ ਨੇ ਕੌਮਾਂਤਰੀ ਪੱਧਰ ’ਤੇ ਨਵੀਂ ਪਛਾਣ ਬਣਾਈ ਹੈ। ਜਿਸ ਕਾਰਨ ਇਸ ਵਾਰ ਅਫਗਾਨਿਸਤਾਨ, ਮਿਸਰ, ਪਾਕਿਸਤਾਨ, ਥਾਈਲੈਂਡ ਸਮੇਤ ਕਈ ਦੇਸ਼ ਹਿੱਸਾ ਲੈ ਰਹੇ ਹਨ। ਇਹ ਹੁਣ ਇੱਥੇ ਸਭ ਤੋਂ ਵੱਕਾਰੀ ਅਤੇ ਉਡੀਕਿਆ ਜਾਣ ਵਾਲਾ ਸਮਾਗਮ ਬਣ ਗਿਆ ਹੈ। ਅੰਮ੍ਰਿਤਸਰ ਹੀ ਨਹੀਂ ਪੰਜਾਬ ਦੇ ਲੋਕ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਇਸ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ 5 ਦਸੰਬਰ ਤੋਂ 9 ਦਸੰਬਰ ਤੱਕ ਚੱਲਣ ਵਾਲੇ ਇਸ ਸਮਾਗਮ ਰਾਹੀਂ ਜਿੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵਪਾਰੀਆਂ ਨੂੰ ਅੰਮ੍ਰਿਤਸਰ ਆ ਕੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਮੌਕਾ ਮਿਲਦਾ ਹੈ, ਉੱਥੇ ਹੀ ਗੁਆਂਢੀ ਰਾਜਾਂ ਨਾਲ ਸਥਾਨਕ ਕਾਰੋਬਾਰੀਆਂ ਦੇ ਸਬੰਧ ਮਜ਼ਬੂਤ ​​ਹੁੰਦੇ ਹਨ। ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਮਾਗਮ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਕਈ ਅਦਾਰੇ ਜਿਨ੍ਹਾਂ ਵਿੱਚ ਮਾਰਕਫੈੱਡ, ਮਿਲਫੈਡ, ਪੇਡਾ, ਅੰਮ੍ਰਿਤਸਰ ਵਿਕਾਸ ਅਥਾਰਟੀ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਨਿਗਮ, ਪੰਜਾਬ ਟੂਰਿਜ਼ਮ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੀ.ਐਸ.ਆਈ.ਈ.ਸੀ., ਪੀ.ਆਈ.ਡੀ.ਬੀ., ਗਮਾਡਾ, ਪੰਜਾਬ ਇਨਫੋਟੈਕ, ਪਨਸਪ, ਪੀ.ਐਸ.ਡਬਲਿਊ.ਸੀ ਅਤੇ ਪੰਜਾਬ ਮੰਡੀ ਬੋਰਡ ਸਮੇਤ ਕਈ ਵਿਭਾਗ ਇਸ ਵਿੱਚ ਭਾਗ ਲੈ ਰਹੇ ਹਨ। ਸਾਕਸ਼ੀ ਸਾਹਨੀ ਅਨੁਸਾਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ 50 ਦੇ ਕਰੀਬ ਮਹਿਲਾ ਸਵੈ-ਸਹਾਇਤਾ ਗਰੁੱਪ ਇਸ ਵਾਰ ਪਾਈਟੈਕਸ ਵਿੱਚ ਭਾਗ ਲੈ ਰਹੇ ਹਨ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਹਰ ਸਾਲ ਲੱਖਾਂ ਲੋਕ ਆਉਂਦੇ ਹਨ। ਇੱਥੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਅਤੇ ਸੈਲਾਨੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਦੱਸਿਆ ਕਿ ਚਾਰ ਗੁਆਂਢੀ ਮੁਲਕਾਂ ਤੋਂ ਇਲਾਵਾ ਦੇਸ਼ ਦੇ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਾਰੋਬਾਰੀ ਇੱਥੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਪਾਈਟੈਕਸ ਵਿੱਚ ਗੁਜਰਾਤ  ਹੈਂਡਲੂਮ ਅਤੇ ਹੈਂਡੀਕਰਾਫਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵੀਹ ਕਾਰੋਬਾਰੀ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਨੈਸ਼ਨਲ ਜੂਟ ਬੋਰਡ, ਜੰਮੂ-ਕਸ਼ਮੀਰ ਟਰੇਡ ਪ੍ਰਮੋਸ਼ਨ ਆਰਗੇਨਾਈਜ਼ੇਸ਼ਨ, ਕੇਵੀਆਈਸੀ, ਨਾਬਾਰਡ, ਟੈਕਸਟਾਈਲ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ, ਐਮਐਸਐਮਈ ਮੰਤਰਾਲੇ ਦੇ ਕਾਰੋਬਾਰੀ ਹਿੱਸਾ ਲੈ ਰਹੇ ਹਨ।

ਗਿਲਹੋਤਰਾ ਨੇ ਦੱਸਿਆ ਕਿ ਪੰਜਾਬ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ਪਾਈਟੈਕਸ ਦੌਰਾਨ ਟੂਰੀਜਮ ਐਵਾਰਡ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦਾ ਵਿਰਾਸਤੀ ਸ਼ੋਅ ਵੀ ਕਰਵਾਇਆ ਜਾਵੇਗਾ। ਜਿਸ ਵਿੱਚ ਬਾਲੀਵੁੱਡ ਸਟਾਰ ਜਿੰਮੀ ਸ਼ੇਰਗਿੱਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ।ਗਿਲਹੋਤਰਾ ਨੇ ਕਿਹਾ ਕਿ ਇਸ ਵਾਰ ਜੰਮੂ-ਕਸ਼ਮੀਰ, ਗੁਜਰਾਤ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੇਹ-ਲਦਾਖ ਦੇ ਕਾਰੋਬਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਤਿੰਨ ਲੱਖ ਤੋਂ ਵੱਧ ਲੋਕ ਇੱਥੇ ਆਏ ਸਨ। ਇਸ ਵਾਰ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ।

ਇਸ ਮੌਕੇ ਬੋਲਦਿਆਂ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਦੱਸਿਆ ਕਿ ਪਾਈਟੈਕਸ ਦੀ ਸ਼ੁਰੂਆਤ 2005 ਵਿੱਚ 50 ਕਾਰੋਬਾਰੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ, ਜਿਸਦਾ ਅੱਜ ਵਿਸਥਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇੱਥੇ 530 ਸਟਾਲ ਲਗਾਏ ਗਏ ਸਨ। ਇਸ ਵਾਰ ਸਟਾਲਾਂ ਦੀ ਗਿਣਤੀ 600 ਨੂੰ ਪਾਰ ਕਰ ਗਈ ਹੈ। ਜਿੱਥੇ ਪਿਛਲੇ ਸਾਲ ਪੂਰਾ ਪਾਈਟੈਕਸ 20 ਹਜ਼ਾਰ ਵਰਗ ਮੀਟਰ ਦੇ ਖੇਤਰ ਵਿੱਚ ਲਗਾਇਆ ਗਿਆ ਸੀ, ਇਸ ਵਾਰ ਇਸ ਦਾ ਦਾਇਰਾ ਵਧ ਕੇ 25 ਹਜ਼ਾਰ ਵਰਗ ਮੀਟਰ ਹੋ ਗਿਆ ਹੈ। ਗੁਆਂਢੀ ਰਾਜਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਲੇਹ ਲੱਦਾਖ ਤੋਂ ਸਿਰਫ਼ ਤਿੰਨ ਕਾਰੋਬਾਰੀ ਆਏ ਸਨ ਜਦਕਿ ਇਸ ਸਾਲ ਦਸ ਕਾਰੋਬਾਰੀ ਆਪਣੇ ਉਤਪਾਦ ਲੈ ਕੇ ਇੱਥੇ ਆ ਰਹੇ ਹਨ। ਇਸ ਮੌਕੇ ਵਿਧਾਇਕ ਜਸਬੀਰ ਸਿੰਘ, ‘ਆਪ’ ਦੇ ਸ਼ਹਿਰੀ ਪ੍ਰਧਾਨ ਮਨੀਸ਼ ਅਗਰਵਾਲ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾੜ, ਪੀਐਚਡੀਸੀਸੀਆਈ ਦੇ ਸਥਾਨਕ ਕਨਵੀਨਰ ਜੈਦੀਪ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *