ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਸਿਹਤ ਵਿੱਚ ਗਿਰਾਵਟ ਆਉਂਦੀ ਹੈ : ਮੁੱਖ ਖੇਤੀਬਾੜੀ ਅਫਸਰ

Faridkot Politics Punjab

ਫਰੀਦਕੋਟ: 26 ਅਕਤੂਬਰ 2024 (     )  
ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲਾਂ  ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ( ਆਈ ਈ ਸੀ) ਕੰਪੋਨੈਂਟ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਦਬਾਜਾ ਦੇ ਬੱਚਿਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਬੱਚੇ ਆਪਣੇ ਮਾਪਿਆਂ ਨੂੰ ਝੋਨੇ ਦੀ ਪਰਾਲੀ ਨੂੰ ਨਾਂ ਸਾੜਣ ਲਈ ਪ੍ਰੇਰਿਤ ਕਰ ਸਕਣ।
  ਝੋਨੇ ਦੀ ਪਰਾਲੀ ਸਾੜਣ ਨਾਲ ਹੋਣ ਵਾਲੇ ਨੁਕਸਾਨ ਅਤੇ ਸਾਂਭ ਸੰਭਾਲ ਬਾਰੇ ਬੱਚਿਆਂ ਨੂੰ ਜਾਗਰੁਕ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਲੱਗਣ ਨਾਲ ਪੈਦਾ ਹੋਈਆ ਜ਼ਹਿਰੀਲੀਆ ਗੈਸਾਂ ਨਾਲ ਬੱਚਿਆਂ ,ਬਜੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਤੇ ਸਭ ਤੋਂ ਮਾੜਾ ਪ੍ਰਭਾਵ ਪੈਂਦਾ ਹੈ। ਉਨਾਂ ਕਿਹਾ ਕਿ ਨਵੰਬਰ ਮਹੀਨੇ ਤਾਪਮਾਨ ਵਿੱਚ ਕਮੀ ਹੋਣ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਹੋਰ ਵਧ ਜਾਂਦੀ ਹੈ ਜੋ 6 ਸਾਲ ਤੱਕ ਦੇ ਬੱਚਿਆਂ,ਬਜ਼ੁਰਗਾਂ ਅਤੇ ਗਰਭਵਤੀ ਔਰਤਾਂ  ਦੀ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ।ਉਨਾਂ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਨਾਲ ਤਕਰੀਬਨ 200 ਕਰੋੜ ਦੇ ਡੇਢ ਲੱਖ ਟਨ ਨਾਈਟਰੋਜਨ,ਫਾਸਫੋਰਸ,ਪੋਟਾਸ਼ ਅਤੇ ਸਲਫਰ ਆਦਿ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ।
ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ,ਪਸ਼ੂਆਂ  ਦੀ ਸਿਹਤ ਅਤੇ ਚੌਗਿਰਦੇ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਸਾਲ 2019 ਵਿੱਚ  ਯੂ ਐਨ ਉ  ਦੀ ਅਸੈਂਬਲੀ ਵਿੱਚ ਸਵੀਡਨ ਦੀ 16 ਸਾਲਾ ਲੜਕੀ ਨੇ ਵਿਸ਼ਵ ਪੱਧਰ ਤੇ ਵਾਤਾਵਰਣ ਵਿੱਚ ਆ ਰਹੇ ਵਿਗਾੜ  ਬਾਰੇ ਸਾਰੇ ਵਿਸ਼ਵ ਦਾ ਧਿਆਨ ਖਿੱਚਿਆ ਸੀ ਅਤੇ ਕਿਹਾ ਕਿ ਭਵਿੱਖ ਦੀ ਜਵਾਨੀ ਦੀ ਸੁਰੱਖਿਆ ਲਈ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾੳਣਾ ਪਵੇਗਾ। ਉਨਾਂ ਨੇ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਰਸਾਇਣਕ ਖਾਦਾਂ ਉੱਪਰ ਨਿਰਭਰਤਾ ਵਧਦੀ ਹੈ। ਉਨਾਂ ਨੇ ਕਿਹਾ ਕਿ ਵਾਤਾਵਰਣ ਦੀ ਸੁੱਧਤਾ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਹੀਂ ਸਾੜਣਾ ਚਾਹੀਦਾ ਸਗੋਂ ਖੇਤਾਂ ਵਿੱਚ ਵਾਹ ਕੇ ਹੀ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ। ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲ ਕੇ ਨਵੀਨਤਮ ਮਸ਼ੀਨਰੀ ਜਿਵੇਂ ਸੁਪਰ,ਹੈਪੀ,ਸਮਾਰਟ ਜਾਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਅਖੀਰ ਵਿੱਚ ਪ੍ਰਿੰਸੀਪਲ ਕਰਨਜੀਤ ਕੌਰ  ਨੇ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਧੰਨਵਾਦ ਕੀਤਾ  ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਆਪਣੇ ਮਾਪਿਆਂ,ਆਢੀਆਂ ਗੁਆਂਢੀਆਂ,ਰਿਸ਼ਤੇਦਾਰਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਪ੍ਰੇਰਿਤ ਕਰਨ। ਇਸ ਮੌਕੇ ਬੱਚਿਆਂ ਦੇ ਭਾਸ਼ਣ ,ਪੇਂਟਿੰਗ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ  ਪ੍ਰਿੰਸੀਪਲ ਕਰਨਜੀਤ ਕੌਰ ਦਾਨੇਵਾਲੀਆ ਅਤੇ  ਸਕੂਲ ਦੇ ਸਮੂਹ ਅਧਿਆਪਕ ਸਹਿਬਾਨ ਹਾਜ਼ਰ ਸਨ।