ਮੋਹਾਲੀ / ਚੰਡੀਗੜ੍ਹ, 17 ਅਕਤੂਬਰ, 2024 ( ) ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਬੰਪਰ ਫਸਲ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਭਾਵੇਂ ਇਸ ਵਾਰ ਪਿਛਲੇ ਸੀਜਨ ਨਾਲੋਂ ਫਸਲ 10-12 ਦਿਨ ਲੇਟ ਹੈ, ਪਰ ਹੁਣ ਮੰਡੀਆਂ ਵਿੱਚ ਭਾਰੀ ਮਾਤਰਾ ਵਿੱਚ ਫਸਲ ਆ ਰਹੀ ਹੈ। ਉਨ੍ਹਾਂ ਸਾਰੇ ਆੜ੍ਹਤੀਆਂ, ਮੰਡੀਆਂ ਨਾਲ ਸਬੰਧਿਤ ਏਜੰਸੀਆਂ ਖਾਸ ਤੌਰ ਤੇ ਐਫ.ਸੀ.ਆਈ., ਪਨਗਰੇਨ, ਪਨਸਪ ਸਮੇਤ ਸਾਰੀਆਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੇ ਪਿਛਲੇ ਪੰਜ ਮਹੀਨੇ ਤੋਂ ਬਹੁਤ ਮਿਹਨਤ ਕਰਕੇ ਆਪਣੀ ਫਸਲ ਨੂੰ ਪੁੱਤਾ ਵਾਂਗ ਪਾਲਿਆ ਅਤੇ ਇਸਦੀ ਖਰੀਦ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਨਾ ਆਵੇ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨਾਲ ਕੀਤੇ ਵਿਤਕਰੇ ਦੀ ਵਜ੍ਹਾਂ ਕਾਰਨ ਹੀ ਅੱਜ ਪੰਜਾਬ ਦੇ ਸੈਲਰਾਂ ਵਿੱਚ ਤਕਰੀਬਨ 20 ਹਜਾਰ ਮੀਟ੍ਰਿਕ ਟਨ ਚੌਲ ਸਟੋਰ ਦੇ ਵਿੱਚ ਪਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਗੁਦਾਮਾਂ ਵਿੱਚ ਭਾਵੇਂ ਉਹ ਗੁਦਾਮ ਐਫ.ਸੀ.ਆਈ., ਵੇਅਰਹਾਊਸ ਜਾਂ ਕੋਈ ਹੋਰ ਗੁਦਾਮ ਹਨ, ਉਹਨਾਂ ਵਿੱਚ ਤਕਰੀਬਨ 150 ਲੱਖ ਮੀਟ੍ਰਿਕ ਟਨ ਚਾਵਲ ਤੇ ਕਣਕ ਦਾ ਭੰਡਾਰ ਪਿਆ ਹੈ। ਇਹ ਸਾਰਾ ਭੰਡਾਰ ਭਾਵੇਂ ਸੈਲਰਾਂ ਦਾ ਹੋਵੇ ਜਾਂ ਗੁਦਾਮਾਂ ਦਾ, ਇਹ ਸਾਰਾ ਐਫ.ਸੀ.ਆਈ. ਦਾ ਭੰਡਾਰ ਹੈ, ਕੇਂਦਰ ਸਰਕਾਰ ਦਾ ਭੰਡਾਰ ਹੈ ਤੇ ਕੇਂਦਰ ਸਰਕਾਰ ਦੀ ਜਿੰਮੇਵਾਰੀ ਸੀ ਕਿ ਇਸ ਭੰਡਾਰ ਨੂੰ ਸਮੇਂ ਸਿਰ ਚੁਕਦੇ, ਪਰ ਕੇਂਦਰ ਵੱਲੋਂ ਇਸ ਨੂੰ ਨਹੀਂ ਚੁਕਿਆ ਗਿਆ। ਇਸ ਕਾਰਣ ਸ਼ੈਲਰ ਮਾਲਕਾਂ ਨੂੰ ਸਮੱਸਿਆ ਹੋ ਰਹੀ ਹੈ ਕਿ ਉਹ ਨਵੇਂ ਝੋਨੇ ਦਾ ਚਾਵਲ ਕੱਢ ਕੇ ਕਿਥੇ ਸਟੋਰ ਕਰਨਗੇ।
ਸ. ਬਰਸਟ ਨੇ ਭਰੋਸਾ ਦਵਾਉਂਦਿਆਂ ਦੱਸਿਆ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਲੰਬੇ ਸਮੇਂ ਤੋਂ ਇਸ ਸਬੰਧ ਵਿੱਚ ਕੇਂਦਰ ਸਰਕਾਰ ਨਾਲ ਤਾਲਮੇਲ ਕਰਦੇ ਰਹੇ ਹਨ, ਪਰੰਤੁ ਪਿਛਲੇ ਸਮੇਂ ਦੌਰਾਨ ਖਾਸ ਤੌਰ ਤੇ ਪ੍ਰਹਿਲਾਦ ਜੋਸ਼ੀ, ਕੇਂਦਰੀ ਖੁਰਾਕ ਸਪਲਾਈ ਮੰਤਰੀ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਕੇਂਦਰੀ ਮੰਤਰੀ ਵੱਲੋਂ ਇਹ ਭਰੋਸਾ ਦਵਾਇਆ ਗਿਆ ਹੈ ਕਿ ਜਲਦ ਹੀ ਇਹ ਸਾਰਾ ਭੰਡਾਰ ਇੱਥੋਂ ਚੁਕਾਇਆ ਜਾਵੇਗਾ, ਜਿਸਦੇ ਲਈ ਸਪੈਸ਼ਲ 20 ਟਰੇਨਾਂ ਹਰ ਰੋਜ਼ ਚਲਾਇਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਆੜ੍ਹਤੀ ਭਰਾਵਾਂ ਦੀ ਆੜ੍ਹਤ 2% ਤੋਂ ਵਧਾ ਕੇ 2.5% ਕਰਨ ਦਾ ਵੀ ਭਰੋਸਾ ਦਵਾਇਆ ਗਿਆ ਹੈ। ਇਸਦੇ ਨਾਲ ਹੀ ਕੇਂਦਰੀ ਮੰਤਰੀ ਨੇ ਭਰੋਸਾ ਦਵਾਇਆ ਹੈ ਕਿ ਜਿਹੜੀ ਚਾਵਲਾਂ ਦੀ ਆਊਟ ਟਰਨ ਹੈ, ਉਸਨੂੰ 67% ਤੋਂ 62% ਕੀਤੀ ਜਾਵੇਗੀ, ਕਿਉਂਕਿ ਜਿਹੜੀ ਪੀਆਰ 126 ਨਵੀਂ ਕਿਸਮ ਆਈ ਹੈ, ਇਹਦਾ ਚਾਵਲ ਘੱਟ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਵੇਂ ਸਾਨੂੰ ਇਹ ਭਰੋਸਾ ਦਵਾਇਆ ਗਿਆ, ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਪੂਰੀ ਜੋਰ ਤੇ ਜੋਸ਼ ਨਾਲ ਇਹ ਸਾਰੇ ਸਟੋਰਾਂ/ਗੋਦਾਮਾਂ ਨੂੰ ਖਾਲੀ ਕਰੇ ਅਤੇ ਆੜ੍ਹਤੀਆਂ ਦਾ ਬਕਾਇਆ ਦੇਵੇ ਅਤੇ ਕਿਸਾਨਾਂ, ਮਜਦੂਰਾਂ ਨੂੰ ਸਹੂਲਤਾਂ ਦੇਵੇ, ਕਿਊਂਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਮੰਤਰੀ, ਵਿਧਾਇਕ ਅਤੇ ਸੰਗਠਨ ਦੇ ਆਗੂ ਇਸ ਕੰਮ ਵਿੱਚ ਲੱਗੇ ਹੋਏ ਹਨ ਕਿ ਮੰਡੀਆਂ ਵਿੱਚੋਂ ਫਸਲ ਵਧੀਆ ਢੰਗ ਨਾਲ ਚੁੱਕਾਈ ਜਾਵੇ।
ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਖਰੀਦ ਕਾਰਜਾਂ ਨੂੰ ਨੇਪਰੇ ਚਾੜ੍ਹਣ ਦੇ ਪੁਖਤਾਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 156 ਪੱਕੀਆ ਮਾਰਕਿਟ ਕਮੇਟੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ਤੇ 152 ਖਰੀਦ ਕੇਂਦਰ ਹਨ ਅਤੇ 283 ਸਬਯਾਰਡ ਹਨ ਅਤੇ ਖਰੀਦ ਕੇਂਦਰ 1383 ਹਨ ਅਤੇ ਇਸ ਫਸਲ ਦੀ ਖਰੀਦ ਸਹੀ ਢੰਗ ਨਾਲ ਹੋਣ ਵਾਸਤੇ 401 ਹੋਰ ਖਰੀਦ ਕੇਂਦਰ ਬਣਾਏ ਗਏ ਹਨ। ਇਸ ਤਰ੍ਹਾਂ ਅੱਜ ਪੂਰੇ ਪੰਜਾਬ ਵਿੱਚ ਕੁੱਲ 2219 ਖਰੀਦ ਕੇਂਦਰ ਚੱਲ ਰਹੇ ਹਨ। ਇਹਨਾਂ ਸਾਰੇ ਖਰੀਦ ਕੇਂਦਰਾਂ ਵਿੱਚ ਪੀਣ ਯੋਗ ਸਾਫ਼ ਪਾਣੀ, ਬਿਜਲੀ ਦੀਆਂ ਲਾਈਟਾਂ, ਸਫਾਈ, ਬਾਥਰੂਮਾਂ, ਛਾਂ ਆਦਿ ਦੇ ਪੁੱਖਤਾਂ ਪ੍ਰਬੰਧ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਕੋਲੇ ਲਗਭਗ 41,300 ਕਰੋੜ ਰੁਪਏ ਦੀ ਸੀਸੀ ਲਿਮਿਟ ਵੀ ਆ ਚੁੱਕੀ ਹੈ, ਤਾਂ ਕਿ ਕਿਸਾਨਾਂ ਨੂੰ ਫਸਲ ਦਾ ਭੁਗਤਾਨ 24 ਘੰਟਿਆਂ ਵਿੱਚ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਦੇ ਤਕਰੀਬਨ 1275 ਪੱਕੇ ਕਰਮਚਾਰੀ, ਆਊਟਸੋਰਸ ਦੇ 452 ਕਰਮਚਾਰੀ ਅਤੇ ਸੀਜਨ ਪ੍ਰਬੰਧਾਂ ਵਾਸਤੇ 6 ਹਜਾਰ ਹੋਰ ਕਰਮਚਾਰੀ, ਕਰੀਬ 7727 ਕਰਮਚਾਰੀ ਇਸ ਮੰਡੀ ਸਿਸਟਮ ਵਿੱਚ ਦਿਨ-ਰਾਤ ਮਿਹਨਤ ਕਰ ਰਹੇ ਹਨ, ਤਾਂ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਕਿਸੇ ਵੀ ਕਿਸਮ ਕੋਈ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪੱਖੋਂ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਰਾਈਸ ਮਿਲਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਸਾਰੀਆਂ ਸਮਾਜਿਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸਾਨਾਂ ਦੀ ਫਸਲ ਚੁਕਾਉਣ ਵਿੱਚ ਸਰਕਾਰ ਅਤੇ ਵੱਖ-ਵੱਖ ਏਜੰਸੀਆਂ ਦਾ ਵੱਧ ਚੜ ਕੇ ਸਹਿਯੋਗ ਦੇਣ।