ਮੋਗਾ, 10 ਜਨਵਰੀ:
ਬੀ.ਆਈ.ਐਸ. (ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼) ਭਾਰਤ ਦੀ ਰਾਸ਼ਟਰੀ ਮਿਆਰੀ ਸੰਸਥਾ ਹੈ, ਜੋ ਬੀ.ਆਈ.ਐਸ. ਐਕਟ 2016 ਤਹਿਤ ਵਸਤੂਆਂ ਦੀ ਗੁਣਵੱਤਾ, ਮਾਰਕਿੰਗ ਅਤੇ ਇਨ੍ਹਾਂ ਨਾਲ ਜੁੜੇ ਹੋਰ ਪਹਿਲੂਆਂ ਉੱਪਰ ਕੰਮ ਕਰਦੀ ਹੈ। ਭਾਰਤ ਸਰਕਾਰ ਵੱਲੋਂ ਇਸ ਪ੍ਰਤੀ ਜ਼ਮੀਨ ਪੱਧਰੀ ਚੇਤਨਤਾ ਪੈਦਾ ਕਰਨ ਲਈ ਵਰਕਸ਼ਾਪਾਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਰਕਸ਼ਾਪਾਂ ਰਾਹੀਂ ਮੈਂਬਰਾਂ ਨੂੰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਲੋਕ ਸਹੀ ਵਸਤੂਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਚੋਣ ਕਰ ਸਕਣ। ਸਰਕਾਰੀ ਸਕੀਮਾਂ ਵਿੱਚ ਭਾਰਤੀ ਮਾਪਦੰਡਾਂ ਦੀ ਪਾਲਣਾ ਨੂੰ ਉਤਸ਼ਾਹਿਤ ਕਰਨ ਤੇ ਇਨ੍ਹਾਂ ਵਰਕਸ਼ਾਪਾਂ ਰਾਹੀਂ ਜ਼ੋ਼ਰ ਦਿੱਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਮੂਹ ਬਲਾਕਾਂ ਵਿੱਚ ਵੀ ਇਨ੍ਹਾਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਰਕਸ਼ਾਪਾਂ ਵਿੱਚ ਸਬੰਧਤ ਬਲਾਕ ਦੀਆਂ ਗ੍ਰਾਮ ਪੰਚਾਇਾਂ, ਸਰਪੰਚਾਂ, ਪੰਚਾਇਤ ਸੰਮਤੀ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 17 ਜਨਵਰੀ ਨੂੰ ਬਲਾਕ ਮੋਗਾ-1 ਤੇ ਮੋਗਾ-2, 18 ਜਨਵਰੀ ਨੂੰ ਬਾਘਾਪੁਰਾਣਾ, 22 ਜਨਵਰੀ ਨੂੰ ਨਿਹਾਲ ਸਿੰਘ ਵਾਲਾ, 24 ਜਨਵਰੀ ਨੂੰ ਧਰਮਕੋਟ ਐਟ ਕੋਟ ਈਸੇ ਖਾਂ ਬਲਾਕਾਂ ਵਿੱਚ ਇਨ੍ਹਾਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ। ਇਹ ਵਰਕਸ਼ਾਪ ਸਬੰਧਤ ਬਲਾਕਾਂ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰਾਂ ਵਿੱਚ ਆਯੋਜਿਤ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੋਗਾ ਅਧੀਨ ਆਉਂਦੀਆਂ ਸਮੂਹ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ/ਮੈਂਬਰਾਂ ਆਦਿ ਨੂੰ ਸ਼ਡਿਊਲ ਅਨੁਸਾਰ ਵਰਕਸ਼ਾਪ ਅਟੈਂਡ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੋਗਾ ਵੱਲੋਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਇਨ੍ਹਾਂ ਵਰਕਸ਼ਾਪਾਂ ਨੂੰ ਸਫ਼ਲ ਬਣਾਉਣ ਲਈ ਬਕਾਇਦਾ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਹੈ।