ਮੁਹਾਲੀ ਜ਼ਿਲ੍ਹੇ ਵਿੱਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ

Politics Punjab S.A.S Nagar

ਐਸ.ਏ.ਐਸ.ਨਗਰ, 20 ਅਕਤੂਬਰ, 2024:
25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਪਰੋਸਣ ਤੋਂ ਰੋਕਣ ਲਈ ਆਬਕਾਰੀ ਵਿਭਾਗ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਨੇ ਇੱਕ ਵਿਆਪਕ ਅਭਿਆਨ ਚਲਾਇਆ, ਜਿਸ ਵਿੱਚ ਬੀਤੀ ਰਾਤ ਮੋਹਾਲੀ ਜ਼ਿਲ੍ਹੇ ਦੇ ਕਈ ਬਾਰਾਂ/ਕਲੱਬਾਂ ਦੀ ਚੈਕਿੰਗ ਕੀਤੀ ਗਈ। ਇਸ ਮੰਤਵ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਮੋਹਾਲੀ ਅਤੇ ਜ਼ੀਰਕਪੁਰ ਦੇ ਕਈ ਬਾਰਾਂ ਅਤੇ ਕਲੱਬਾਂ ’ਤੇ ਛਾਪੇਮਾਰੀ ਕੀਤੀ। ਇਸ ਦੇ ਨਤੀਜੇ ਵਜੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤਿੰਨ ਬਾਰਾਂ/ਕਲੱਬਾਂ ਦੇ ਚਲਾਨ ਕੀਤੇ ਗਏ ਹਨ।  
     ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਚਲੋਤਰਾ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ ਆਬਕਾਰੀ, ਪੰਜਾਬ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਵੱਲੋਂ ਜਾਰੀ ਕੀਤੇ ਗਏ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੁਹਾਲੀ ਜ਼ਿਲ੍ਹੇ ਵਿੱਚ 25 ਸਾਲ ਤੋਂ ਘੱਟ ਉਮਰ ਵਰਗ ਨੂੰ ਸ਼ਰਾਬ ਨਾ ਦੇਣ ਦੇ ਹੁਕਮਾਂ ਨੂੰ ਯਕੀਨੀ ਬਣਾਉਣ ਪਿਛਲੇ ਦੋ ਦਿਨਾਂ ਤੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਆਬਕਾਰੀ ਐਕਟ 1914 ਦੇ ਹੁਕਮ 17(8) ਅਤੇ ਅਧੀਨ ਧਾਰਾ 29 ਅਧੀਨ ਪੰਜਾਬ ਇਨਟੌਕਸਿਕੈਂਟ ਲਾਇਸੈਂਸ ਐਂਡ ਸੇਲ ਆਰਡਰ, 1956 ਦੇ ਉਪਬੰਧਾਂ ਅਨੁਸਾਰ, 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਦੀ ਵਿਕਰੀ ਅਤੇ ਪਰੋਸਣਾ ਇੱਕ ਸਜ਼ਾਯੋਗ ਅਪਰਾਧ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਨਿਯਮਾਂ ਦੀ ਪਾਲਣਾ ਤੋਂ ਇਲਾਵਾ ਇਹ ਸਾਡੀ ਸਾਰਿਆਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਘੱਟ ਉਮਰ ਵਰਗ ਦੇ ਸ਼ਰਾਬ ਪੀਣ ਦੇ ਰੁਝਾਨ ਨੂੰ ਕਾਬੂ ਕੀਤਾ ਜਾਵੇ।

ਬੀਤੀ ਰਾਤ ਦੀ ਕਾਰਵਾਈ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਿੰਦਰਪਾਲ, ਵਿਕਾਸ ਭਟੇਜਾ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਦੀ ਟੀਮ ਨੇ ਮੁਹਾਲੀ ਸ਼ਹਿਰ ਅਤੇ ਜ਼ੀਰਕਪੁਰ ਖੇਤਰ ਵਿੱਚ ਕਲੱਬਾਂ ਅਤੇ ਬਾਰਾਂ ਵਿੱਚ ਛਾਪੇਮਾਰੀ ਕੀਤੀ।

ਮੋਹਾਲੀ ਦੇ ਸੈਕਟਰ-79 ਵਿਖੇ ਛਾਪੇਮਾਰੀ ਦੌਰਾਨ ਸੈਕਟਰ 79, ਮੋਹਾਲੀ ਦੇ 02 ਬਾਰਾਂ ਜਿਵੇਂ ਕਿ ਸਵਾਗਤ ਰੈਸਤਰੋ ਬਾਰ ਅਤੇ ਕਟਾਣੀ ਰੈਸਟੋਰੈਂਟ ਐਂਡ ਬਾਰ ਅਤੇ ਜ਼ੀਰਕਪੁਰ ਵਿੱਚ ਇੱਕ ਬਾਰ ਡੇਲੀਸ਼ੀਅਸ ਫੂਡ (ਰੋਮੀਓ-ਲੇਨ) ਨੂੰ 25 ਸਾਲ ਤੋਂ ਘੱਟ ਉਮਰ ਵਰਗ ਨੂੰ ਸ਼ਰਾਬ ਪਰੋਸਦੇ ਵਾਲੇ ਪਾਇਆ ਗਿਆ। ਇਕ ਬਾਰ ’ਤੇ ਸ਼ਰਾਬ ਪਰੋਸਣ ਲਈ 25 ਸਾਲ ਤੋਂ ਘੱਟ ਉਮਰ ਦੇ ਵੇਟਰਾਂ ਨੂੰ ਤਾਇਨਾਤ ਕਰਨ ਦਾ ਵੀ ਦੋਸ਼ ਪਾਇਅ ਗਿਆ ਹੈ। ਇਸ ਲਈ ਇਨ੍ਹਾਂ ਬਾਰਾਂ ਦੇ ਪੰਜਾਬ ਆਬਕਾਰੀ ਐਕਟ ਦੇ ਆਰਡਰ 17(8) ਅਤੇ ਅਧੀਨ ਧਾਰਾ 29 ਅਧੀਨ ਪੰਜਾਬ ਇਨਟੌਕਸਿਕੈਂਟ ਲਾਇਸੈਂਸ ਅਤੇ ਸੇਲ ਆਰਡਰ, 1956 ਤਹਿਤ ਚਲਾਨ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਕੇਸ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ (ਆਬਕਾਰੀ), ਪਟਿਆਲਾ ਨੂੰ ਬਣਦੀ ਦੰਡਕਾਰੀ ਕਾਰਵਾਈ ਲਈ ਭੇਜ ਦਿੱਤੇ ਗਏ ਹਨ।

ਏ.ਈ.ਟੀ.ਸੀ ਅਸ਼ੋਕ ਕਲੋਤਰਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਘੱਟ ਉਮਰ ਵਰਗ ਦੇ ਸ਼ਰਾਬ ਪੀਣ ਦੇ ਰੁਝਾਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਪਿਛਲੇ ਕੁਝ ਹਫ਼ਤਿਆਂ ਦੌਰਾਨ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਿਲਾ ਕੇ ਆਬਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜ਼ਿਲ੍ਹਾ ਮੁਹਾਲੀ ਵਿੱਚ 09 ਕਲੱਬਾਂ/ਬਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦਿਆਂ ਤਿੰਨ ਬਾਰਾਂ ਦੇ ਲਾਇਸੈਂਸ ਵੀ ਸੱਤ ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਅਤੇ ਬਾਕੀ ਬਾਰਾਂ ਨੂੰ 1.35 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਸ਼੍ਰੀ ਅਸ਼ੋਕ ਕਲਹੋਤਰਾ ਨੇ ਸਾਰੇ ਸ਼ਰਾਬ-ਠੇਕੇਦਾਰਾਂ ਅਤੇ ਬਾਰ ਲਾਇਸੰਸ ਧਾਰਕਾਂ ਨੂੰ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਵੇਚਣ ਜਾਂ ਪਰੋਸਣ ਵਿਰੁੱਧ ਚੇਤਾਵਨੀ ਦਿੰਦਿਆਂ ਸਪੱਸ਼ਟ ਤੌਰ ’ਤੇ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਅਤੇ ਰਾਜ ਦੇ ਮਾਲੀਏ ਨੂੰ ਨੁਕਸਾਨ ਪਹੁੰਚਾਉਂਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।