ਅੰਮ੍ਰਿਤਸਰ 6 ਅਪ੍ਰੈਲ —
ਡੀਏਵੀ ਕਾਲਜ ਅੰਮ੍ਰਿਤਸਰ ਵਿਖੇ 6 ਅਪ੍ਰੈਲ 2025 ਨੂੰ 66ਵੀਂ ਸਲਾਨਾ ਕਨਵੋਕੇਸ਼ਨ ਆਯੋਜਿਤ ਕੀਤੀ ਗਈ ,ਜਿਸ ਵਿੱਚ ਪੰਜਾਬ ਸਰਕਾਰ ਦੇ ਬਿਜਲੀ ਅਤੇ ਊਰਜਾ ਵਿਭਾਗ ਦੇ ਮੰਤਰੀ ਸ.ਹਰਭਜਨ ਸਿੰਘ ਈਟੀਓ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਡਾ. ਪੂਜਾ ਵਿਆਸ ਡਾਇਰੈਕਟਰ ( ਏ ਐਂਡ ਐਫ਼) ਇੰਡੀਅਨ ਕੌਂਸਲ ਆਫ ਫਿਲੋਸੋਫੀਕਲ ਰਿਸਰਚ ਨਵੀਂ ਦਿੱਲੀ ਸ਼ਾਮਿਲ ਹੋਏ ।
ਕਨਵੋਕੇਸ਼ਨ ਦੀ ਸ਼ੁਰੂਆਤ ਰਵਾਇਤੀ ਅਕਾਦਮਿਕ ਪ੍ਰੋਸੈਸ਼ਨ ਨਾਲ ਹੋਈ, ਜਿਸ ਤੋਂ ਬਾਅਦ ਰਸਮੀ ਜੋਤ ਜਗਾਈ ਗਈ ਅਤੇ ਡੀਏਵੀ ਗੀਤ ਦਾ ਗਾਇਨ ਕੀਤਾ ਗਿਆ ।
ਕਾਲਜ ਦੇ ਪ੍ਰਿੰ. ਡਾ. ਅਮਰਦੀਪ ਗੁਪਤਾ ਜੀ ਨੇ ਸਵਾਗਤੀ ਭਾਸ਼ਣ ਦੇਣ ਦੇ ਨਾਲ ਨਾਲ ਸੰਸਥਾ ਦੀ ਅਕਾਦਮਿਕ ਉੱਚਤਾ ,ਸੰਪੂਰਨ ਵਿਕਾਸ , ਮੁੱਲ ਪ੍ਰਧਾਨ ਸਿੱਖਿਆ ਪ੍ਰਣਾਲੀ ਪ੍ਰਤੀ ਇੱਕ ਅਟੁੱਟ ਵਚਨਬਧਤਾ ਦੀ ਅਮੀਰ ਵਿਰਾਸਤ ਨੂੰ ਉਜਾਗਰ ਕੀਤਾ ।ਉਹਨਾਂ ਨੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਹਨਾਂ ਨੂੰ ਮੁੱਖ ਮਹਿਮਾਨ ਅਤੇ ਸਨਮਾਨਯੋਗ ਮਹਿਮਾਨ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ । ਉਨਾਂ ਨੇ ਪਾਸ ਆਊਟ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨਣ ਅਤੇ ਆਪਣੇ ਸਾਰੇ ਕੰਮਾਂ ਨੂੰ ਬੜੀ ਮਿਹਨਤ ਤੇ ਲਗਨ ਨਾਲ ਕਰਨ ਅਤੇ ਸਦਾ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ । ਉਹਨਾਂ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡੀਏਵੀ ਕਾਲਜ ਦੇ ਸਿਧਾਂਤਾਂ ਨੂੰ ਅੱਗੇ ਵਧਾਉਣ ਤੇ ਭਵਿੱਖ ਮੁਖੀ ਯਤਨਾਂ ਰਾਹੀਂ ਸੰਸਥਾ ਦਾ ਮਾਣ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਸਰਦਾਰ ਹਰਭਜਨ ਸਿੰਘ ਈਟੀਓ ਵੱਲੋਂ ਇੱਕ ਪ੍ਰੇਰਨਾਦਾਇਕ ਭਾਸ਼ਣ ਨਾਲ ਸਮੂਹ ਵਿਦਿਆਰਥੀਆਂ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਗਿਆ ।ਉਹਨਾਂ ਨੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਚੁਣੌਤੀਆਂ ਅਪਣਾਉਣ, ਨੈਤਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ,ਦੇ ਨਾਲ ਨਾਲ ਸਮਾਜ ਵਿੱਚ ਇੱਕ ਚੰਗਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਵਿਦਿਆਰਥੀਆਂ ਨੂੰ ਕਦੇ ਵੀ ਜ਼ਿੰਦਗੀ ਚ ਹਾਰ ਨਹੀਂ ਮੰਨਣੀ ਚਾਹੀਦੀ ।ਆਪਣੇ ਇਸ ਭਾਸ਼ਣ ਵਿੱਚ ਉਹਨਾਂ ਨੇ ਅੱਜ ਦੇ ਗਤੀਸ਼ੀਲ ਸੰਸਾਰ ਵਿੱਚ ਨਵੀਨਤਾ, ਲਚਕੀਲਾਪਨ ਤੇ ਜੀਵਨ ਭਰ ਸਿੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਵਿਦਿਆਰਥੀ ਵਜੋਂ ਕਾਲਜ ਵਿੱਚ ਬਿਤਾਏ ਆਪਣੇ ਸਮੇਂ ਅਤੇ ਤਜ਼ਰਬਿਆਂ ਨੂੰ ਸਾਂਝਾ ਕੀਤਾ |ਉਨਾਂ ਨੇ ਕਿਹਾ ਕਿ ਅੱਜ ਉਹ ਜਿਸ ਵੀ ਪੁਜੀਸ਼ਨ ਤੇ ਹਨ ਉਸ ਪਿੱਛੇ ਉਨਾਂ ਦੇ ਸਕੂਲ, ਡੀਏਵੀ ਕਾਲਜ ਤੇ ਉਨਾਂ ਦੇ ਅਧਿਆਪਕਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ | ਉਨਾਂ ਨੇ ਕਿਹਾ ਕਾਲਜ ਦੀ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਬਣਨ ਨਾਲੋਂ ਸੇਵਾਦਾਰ ਬਣਨਾ ਮੇਰੇ ਲਈ ਵੱਡਾ ਸਨਮਾਨ ਹੈ ਜਿੱਥੋਂ ਉਹਨਾਂ ਬੀਏ ਦੀ ਡਿਗਰੀ ਪ੍ਰਾਪਤ ਕਰਦਿਆਂ ਆਪਣੇ ਯੋਗ ਅਧਿਆਪਕਾ ਕੋਲੋਂ ਬਹੁਤ ਕੁਝ ਸਿੱਖਿਆ ਤੇ ਡੀਏਵੀ ਕਾਲਜ ਦੇ ਡਿਸਿਪਲਨ ਦੀ ਸ਼ਲਾਗਾ ਕੀਤੀ ।
ਸ਼੍ਰੀਮਤੀ ਪੂਜਾ ਵਿਆਸ ਨੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਉਹਨਾਂ ਕਿਹਾ ਕਿ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸਿੱਖਿਆ ਖਤਮ ਨਹੀਂ ਹੁੰਦੀ ਵਿਦਿਆਰਥੀਆਂ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ ।
ਕਾਲਜ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਲਗਭਗ 337 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਅਤੇ ਸਟਾਫ ਕੌਂਸਲ ਦੇ ਸਕੱਤਰ ਡਾਕਟਰ ਨੀਰਜ ਗੁਪਤਾ ਦੁਆਰਾ ਧੰਨਵਾਦ ਦੇ ਮਤੇ ਨਾਲ ਹੋਈ। ਇਸ ਸਮਾਗਮ ਵਿੱਚ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਦੀ ਪਤਨੀ ਸਤਿਕਾਰਯੋਗ ਸ੍ਰੀਮਤੀ ਸੁਹਿੰਦਰ ਕੌਰ ,ਕਾਲਜ ਦੇ ਸਮੂਹ ਸਟਾਫ ਮੈਂਬਰ ਟੀਚਿੰਗ ਅਤੇ ਨੋਨ ਟੀਚਿੰਗ ਹਾਜ਼ਰ ਸਨ।