ਬਾਸਰਕੇ ਗਿੱਲਾਂ ਦਾ ਅਗਾਂਹ ਵਧੂ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਲੈ ਰਿਹਾ ਫਸਲਾਂ ਦਾ ਵਾਧੂ ਝਾੜ

Politics Punjab

ਅੰਮ੍ਰਿਤਸਰ, 10 ਨਵੰਬਰ 2024–

    ਜਿੱਥੇ ਸਾਡੇ ਕੁਝ ਕਿਸਾਨ ਵੀਰ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾ ਕੇ ਜਮੀਨ ਦੇ ਜਰੂਰੀ ਤੱਤਾਂ ਨੂੰ ਸਾੜ ਰਹੇ ਹਨ ਉਸ ਨਾਲ ਹੀ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ ਅਤੇ ਕੁਦਰਤੀ ਵਾਤਾਵਰਣ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਰਹੇ ਹਨ। ਉਥੇ ਹੀ ਸਾਡੇ ਕੁਝ ਕਿਸਾਨ ਵੀਰ ਜੋ ਕਿ ਅੱਗੇ ਵਧਣ ਦੀ ਸਮਰਥਾ ਰੱਖਦੇ ਹਨ, ਉਹ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਨਾ ਸਾੜ ਕੇ ਖੇਤਾਂ ਵਿੱਚ ਵਾਹ ਕੇ ਹੀ ਫਸਲਾਂ ਦਾ ਵਾਧੂ  ਝਾੜ   ਲੈ ਰਹੇ ਹਨ।

        ਇਸੇ ਤਰ੍ਹਾਂ ਦਾ ਇੱਕ ਅਗਾਂਹ ਵਧੂ ਕਿਸਾਨ ਹੈ ਜੋ ਕਿ ਬਲਾਕ ਅਟਾਰੀ ਦੇ ਪਿੰਡ ਬਾਸਰਕੇ ਗਿੱਲਾਂ ਦਾ ਹਰਮਨਜੀਤ ਸਿੰਘ। ਉਹ ਹਰ ਸਾਲ ਪਰਾਲੀ ਨੂੰ ਨਾ ਸਾੜ ਕੇ ਆਪਣੇ ਖੇਤਾਂ ਵਿੱਚ ਵਾਹ ਕੇ ਹੀ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾ ਰਿਹਾ ਹੈ ਉੱਥੇ ਹੀ ਕੁਦਰਤੀ ਵਾਤਾਵਰਨ ਨੂੰ ਵੀ ਸਾਫ ਰੱਖਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

  ਕਿਸਾਨ ਦਾ ਮੰਨਣਾ ਹੈ ਕਿ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਲਗਾਤਾਰ ਫਸਲਾਂ ਦਾ ਝਾੜ ਵਧ ਰਿਹਾ ਹੈ। ਇਸ ਤੋਂ ਇਲਾਵਾ ਖਾਦ ਦੀ ਮੰਗ ਘੱਟ ਰਹੀ ਹੈ, ਜਿਸ ਨਾਲ ਫਸਲ ਉੱਤੇ ਖਰਚਾ ਘੱਟ ਆ ਰਿਹਾ ਹੈ । ਕਿਸਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹ  ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ ਅਤੇ ਉਹ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਸਾੜੇ ਬਿਨਾਂ ਕਣਕ ਦੀ ਬਿਜਾਈ ਕਰ ਰਹੇ ਹਨ। ਉਹਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਸਾਡੀਆਂ ਫਸਲਾਂ ਦੇ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਜਮੀਨ ਵਾਹਉਣ ਵਿੱਚ ਨਰਮ ਹੋਈ ਹੈ। ਉਹਨਾਂ ਦੱਸਿਆ ਕਿ ਮੈਂ ਇੱਕ ਸਾਲ ਵਿੱਚ ਤਿੰਨ-ਤਿੰਨ ਫਸਲਾਂ ਵੀ ਲੈ ਕੇ ਵੇਖੀਆਂ ਹਨ ਪਰ ਝਾੜ ਆਮ ਲੋਕਾਂ ਨਾਲੋਂ ਵੱਧ ਮਿਲਿਆ ਹੈ।  ਉਹਨਾਂ ਦੱਸਿਆ ਕਿ ਤਕਰੀਬਨ ਪੰਜੀ ਕੁਇੰਟਲ ਝਾੜ ਪ੍ਰਤੀ ਏਕੜ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਲਈ ਮੈਨੂੰ ਖੇਤੀਬਾੜੀ ਵਿਭਾਗ ਨੇ ਪ੍ਰੇਰਿਤ ਕੀਤਾ ਸੀ ਅਤੇ ਮੈਂ ਉਹਨਾਂ ਦੀ ਗੱਲ ਸੁਣ ਕੇ ਇਸ ਨੂੰ ਤਜਰਬੇ ਵਜੋਂ ਕਰਨਾ ਸ਼ੁਰੂ ਕੀਤਾ ਸੀ, ਜਿਸ ਚੰਗੇ ਨਤੀਜੇ ਆਏ।

 ਦੱਸਣ ਯੋਗ ਹੈ ਕਿ ਇਸ ਵੇਲੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਿਲੇ ਦੇ ਸਾਰੇ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਦੀ ਅੱਗ ਰੋਕਣ ਲਈ ਉਪਰਾਲੇ ਕਰ ਰਹੇ ਹਨ।

Leave a Reply

Your email address will not be published. Required fields are marked *