ਨਵਾਂਸ਼ਹਿਰ, 2 ਜਨਵਰੀ :
ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਆਮ ਨਾਗਰਿਕਾਂ ਨੂੰ ਦੋਪਹੀਆ ਵਾਹਨ ਚਲਾਉਂਦੇ ਹੋਏ ਮੂੰਹ ਢੱਕ ਕੇ/ਮੂੰਹ ਬੰਨ੍ਹ ਕੇ ਡਰਾਈਵਿੰਗ ਕਰਨ ‘ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਵੇਗੀ, ਜਿਨ੍ਹਾਂ ਨੇ ਕਿਸੇ ਬਿਮਾਰੀ ਜਾਂ ਅਲਰਜੀ ਦੀ ਵਜ੍ਹਾ ਕਾਰਨ ਮੈਡੀਕਲ ਸੁਪਰਵਿਜ਼ਨ ਦੇ ਹੇਠਾਂ ਮਾਸਕ ਜਾਂ ਕੋਈ ਹੋਰ ਚੀਜ਼ ਪਹਿਨੀ ਹੋਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮ ਵਿਚ ਦੱਸਿਆ ਹੈ ਕਿ ਬਾਜ਼ਾਰਾਂ ਵਿਚ ਆਮ ਤੌਰ ‘ਤੇ ਮੂੰਹ ਢੱਕ ਕੇ ਵਾਹਨ ਚਾਲਕਾਂ (ਖਾਸ ਤੌਰ ‘ਤੇ ਦੋਪਹੀਆ ਵਾਹਨ ਚਾਲਕਾਂ) ਵੱਲੋਂ ਲੁਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਮੂੰਹ ਢੱਕਣ ਨਾਲ ਅਪਰਾਧ ਕਰਨ ਵਾਲਿਆਂ ਦੀ ਪਹਿਚਾਣ ਕਰਨ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜ਼ਿਲ੍ਹੇ ਅੰਦਰ ਮੂੰਹ ਢੱਕ ਕੇ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਲਈ ਉਕਤ ਹੁਕਮ ਜਾਰੀ ਕੀਤੇ ਗਏ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਅਤੇ ਆਮ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਦੇ ਲਈ ਦੋਪਹੀਆ ਵਾਹਨਾਂ ਦੇ ਸਾਇਲੰਸਰ ਬਦਲਣ ਅਤੇ ਸਾਇਲੰਸਰ ਨਾਲ ਪਟਾਖੇ ਵਜਾਉਣ ‘ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਸਾਇਲੰਸਰ ਬਦਲਣ ਵਾਲੇ ਦੁਕਾਨਦਾਰਾਂ/ਮਕੈਨਿਕਾਂ ਅਤੇ ਪਟਾਖੇ ਵਜਾਉਣ ਵਾਲੇ ਵਾਹਨ ਮਾਲਕਾਂ ‘ਤੇ ਵੀ ਲਾਗੂ ਹੋਣਗੇ। ਉਪਰੋਕਤ ਦੋਵੇਂ ਹੁਕਮ 28 ਫਰਵਰੀ, 2025 ਤੱਕ ਲਾਗੂ ਰਹਿਣਗੇ