ਬੇਲਰ ਮਾਲਕਾਂ  ਨੁੰ ਪਰਾਲੀ ਦੀਆਂ ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ਤੇ ਦਿੱਤੀ ਜਾਵੇਗੀ- ਡੀ ਸੀ

Faridkot Politics Punjab

ਫਰੀਦਕੋਟ:10 ਨਵੰਬਰ 2024 ()  ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਫ਼ਰੀਦਕੋਟ ਵਿੱਚ ਪਰਾਲੀ ਨੁੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।ਅਜਿਹੇ ਉਪਰਾਲਿਆਂ ਵਿਚ ਇਕ ਉਪਰਾਲਾ ਬੇਲਰ ਮਾਲਕ ਕਿਸਾਨਾਂ ਨੂੰ ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ਤੇ ਦੇਣੀ ਤਾਂ ਜੋ ਉਹ ਬਣਾਈਆਂ ਗੱਠਾਂ ਬਿਨਾਂ ਕਿਸੇ ਮੁਸ਼ਕਿਲ ਦੇ ਸੰਭਾਲ ਸਕਣ ਅਤੇ ਬਾਅਦ ਵਿੱਚ ਵਰਤੋਂ ਵਿੱਚ ਲਿਆ ਸਕਣ। 

ਇਸ ਬਾਰੇ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਅਤੇ ਉਨਾਂ ਦੀ ਟੀਮ ਵੱਲੋਂ ਵੱਖ ਵੱਖ ਪਿੰਡਾਂ ਵਿਚ ਝੋਨੇ ਦੀ ਪਰਾਲੀ ਦੀ ਬੇਲਿੰਗ ਕਰ ਰਹੇ ਬੇਲਰ ਮਾਲਿਕ ਕਿਸਾਨਾਂ ਨਾਲ ਗੱਲਬਾਤ ਕਰਕੇ ਜਗ੍ਹਾਂ ਦੀ ਮੰਗ ਬਾਰੇ ਜਾਣਕਾਰੀ ਹਾਸਲ ਕੀਤੀ। ਟੀਮ ਵਿਚ ਡਾਕਟਰ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਅਤੇ ਡਾ.ਸੁਖਦੀਪ ਸਿੰਘ ਸੇਖੋਂ ਖੇਤੀ ਉਪ ਨਿਰੀਖਕ ਸ਼ਾਮਿਲ ਸਨ।

ਪਿੰਡ ਚੇਤ ਸਿੰਘ ਵਾਲਾ ਵਿਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਰਹੇ ਬੇਲਰ ਮਾਲਕ ਕਿਸਾਨ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਫ਼ਰੀਦਕੋਟ ਵਿੱਚ ਤਕਰੀਬਨ 90-100 ਬੇਲਰ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਕਰ ਰਹੇ ਅਤੇ ਕਰੀਬ ਦੋ ਲੱਖ ਟਨ ਤੋਂ ਵੱਧ ਪਰਾਲੀ ਦੀ ਗੱਠਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੇਲਰ ਮਾਲਕ ਕਿਸਾਨਾਂ ਦੇ ਸੈਦੇਵਾਲਾ ਸਥਿਤ ਫੈਕਟਰੀ ਨਾਲ ਇਕਰਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁਝ ਅਜਿਹੇ ਵੀ ਬੇਲਰ ਮਾਲਿਕ ਕਿਸਾਨ ਹਨ ਜੋ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਭੰਡਾਰ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਗੱਠਾਂ ਭੰਡਾਰ ਕਰਨ ਲਈ ਲੋੜੀਂਦੀ ਜਗਾ ਨਹੀਂ ਹੈ ,ਜਿਸ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਅਜਿਹੇ ਬੇਲਰ ਮਾਲਿਕ ਕਿਸਾਨਾਂ ਨੂੰ ਬਿਨਾ ਕਿਰਾਇਆ ਲਏ ਪਿੰਡਾਂ ਵਿਚ ਮੌਜੂਦ ਪੰਚਾਇਤੀ ਜ਼ਮੀਨ ਦਿੱਤੀ ਜਾਵੇਗੀ ਤਾਂ ਜੋ ਬੇਲਰ ਮਾਲਿਕ ਕਿਸਾਨਾਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਭੰਡਾਰ ਕਰ ਸਕਣ।

ਉਨ੍ਹਾਂ ਸਮੂਹ ਬੇਲਰ ਮਾਲਿਕ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਜਗ੍ਹਾਂ ਦੀ ਜ਼ਰੂਰਤ ਹੋਵੇ ਤਾਂ ਉਹ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ  ਜਾਂ ਖੇਤੀਬਾੜੀ ਅਧਿਕਾਰੀਆਂ ਨਾਲ  ਸੰਪਰਕ ਕਰ ਸਕਦਾ ਹੈ । 

ਡੀ ਏ ਪੀ ਖਾਦ ਦੇ ਬਦਲ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਕਣਕ ਦੀ ਕਾਸ਼ਤ ਲਈ ਡੀ ਏ ਪੀ ਦੀ ਘੱਟ ਉਪਲਬਧਤਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਡੀ ਏ ਪੀ ਦੇ ਹੋਰ ਬਦਲ ਬਾਜ਼ਾਰ ਵਿਚ ਮੌਜੂਦ ਜਿਸ ਦੀ ਵਰਤੋਂ ਕਰਕੇ ਕਿਸਾਨ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ ਲਈ ਫਾਸਫੋਰਸ ਖੁਰਾਕੀ ਤੱਤ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਪੂਰਤੀ ਲਈ ਕਿਸਾਨਾਂ ਵੱਲੋਂ ਡੀ ਏ ਪੀ ਖਾਦ ਦੀ ਬਿਜਾਈ ਸਮੇਂ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡੀ ਏ ਪੀ ਖਾਦ ਦੇ ਬਦਲ ਵੱਜੋਂ ਕਿਸਾਨ ਖਾਦ ਅਤੇ ਟ੍ਰਿਪਲ ਸੁਪਰ ਫਾਸਫੇਟ ਖਾਦ ,ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਟ੍ਰਿਪਲ ਸਪਰ ਫਾਸਫੇਟ ਵਿੱਚ ਡੀ ਏ ਪੀ ਵਾਂਗੂ 46% ਫਾਸਫੋਰਸ ਤੱਤ ਹੁੰਦਾ ਹੈ ਅਤੇ ਇਸ ਦੀ ਕੀਮਤ ਪ੍ਰਤੀ ਬੋਰੀ 1250/-ਰੁਪਏ ਹੈ ਜਦ ਕਿ ਡੀ ਏ ਪੀ ਦੀ ਕੀਮਤ ਪ੍ਰਤੀ ਬੈਗ 1350/- ਰੁਪਏ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਖਾਦ (12:32:16) ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਕੀਤੀ ਜਾ ਸਕਦੀ ਹੈ

ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਬੇਲਰ ਵਾਲੇ ਕੋਲ ਕੰਮ ਘੱਟ ਹੈ ਤਾਂ ਉਹ ਖੇਤੀਬਾੜੀ ਅਧਿਕਾਰੀਆ ਨਾਲ ਸੰਪਰਕ ਕਰੇ ਤਾਂ ਜੋਂ ਹੋਰਨਾਂ ਪਿੰਡਾਂ ਜਿੱਥੇ ਪਰਾਲੀ ਦਾ ਪ੍ਰਬੰਧਨ ਕੀਤਾ ਜਾਣਾ ਬਾਕੀ ਹੈ ,ਓਥੇ ਕੰਮ ਦਵਾਇਆ ਜਾ ਸਕੇ।ਕਿਸਾਨ ਹਰਪ੍ਰੀਤ ਸਿੰਘ ਨੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਜੀ ਦਾ ਪਿੰਡ ਸ਼ੇਰ ਸਿੰਘ ਵਾਲਾ ਵਿਚ ਪੰਚਾਇਤੀ 4 ਏਕੜ ਜ਼ਮੀਨ ਦਿਵਾਉਣ ਤੇ ਤਹਿ ਦਿਲ ਤੋਂ ਧੰਨਵਾਦ ਕੀਤਾ ।