ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਬਾਘਾਪੁਰਾਣਾ ਪ੍ਰਸ਼ਾਸਨ ਦੀ ਅਨੋਖੀ ਪਹਿਲ ਕਦਮੀ

Politics Punjab

ਬਾਘਾਪੁਰਾਣਾ 6 ਨਵੰਬਰ
ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਜਿੱਥੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਪ੍ਰਸ਼ਾਸਨ ਵੱਲੋਂ ਜੁਰਮਾਨੇ ਅਤੇ ਪੁਲਿਸ ਕਾਰਵਾਈ ਵਰਗੇ ਸਖਤ ਕਦਮ ਚੁੱਕੇ ਜਾ ਰਹੇ ਹਨ ਉੱਥੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਫੀਲਡ ਵਿੱਚ ਨਿਯੁਕਤ ਟੀਮਾਂ ਆਪਣੀਆਂ ਗਤੀਵਿਧੀਆਂ ਰਾਹੀਂ  ਦਿਨ-ਰਾਤ ਇੱਕ ਕਰ ਰਹੀਆਂ ਹਨ। ਉਕਤ  ਦੇ ਨਾਲ-ਨਾਲ ਸਬ ਡਿਵੀਜ਼ਨ ਬਾਘਾ ਪੁਰਾਣਾ ਦੇ ਸਿਵਲ, ਪੁਲਿਸ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਅਤੇ ਐਸ.ਐਸ. ਪੀ ਸ਼੍ਰੀ ਅਜੈ ਗਾਂਧੀ ਦੀ ਯੋਗ ਅਗਵਾਈ ਹੇਠ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚ ਕੇ ਉਹਨਾਂ ਨੂੰ ਸਨਮਾਨ ਦੇਣ ਦੀ ਮੁਹਿੰਮ ਵੀ ਵਿੱਢੀ ਗਈ ਹੈ।
ਉਪਰੋਕਤ ਦੇ ਤਹਿਤ ਐਸ.ਡੀ.ਐਮ. ਬਾਘਾ ਪੁਰਾਣਾ ਸ. ਬੇਅੰਤ ਸਿੰਘ ਸਿੱਧੂ, ਡੀ.ਐਸ.ਪੀ. ਬਾਘਾ ਪੁਰਾਣਾ ਸ਼੍ਰ. ਦਲਬੀਰ ਸਿੰਘ ਸਿੱਧੂ, ਬਲਾਕ ਖੇਤੀਬਾੜੀ ਅਫਸਰ ਡਾ. ਨਵਦੀਪ ਸਿੰਘ ਜੌੜਾ, ਨਾਇਬ ਤਹਸੀਲਦਾਰ ਅਮਰਪ੍ਰੀਤ ਸਿੰਘ, ਤਹਿਸੀਲਦਾਰ ਟ੍ਰੇਨਿੰਗ ਪਰਮਿੰਦਰ ਸਿੰਘ ਨੇ ਫੀਲਡ ਵਿੱਚ ਨਿਯੁਕਤ ਸਮੂਹ ਕਲੱਸਟਰ ਅਫਸਰਾਂ ਅਤੇ ਪੈਟਰੋਲਿੰਗ ਟੀਮਾਂ ਨੂੰ ਕਿਸਾਨਾਂ ਨੂੰ ਦੇਣ ਲਈ ਸਰਟੀਫਿਕੇਟ ਅਤੇ ਹਾਰਾਂ ਦੀ ਵੰਡ ਕੀਤੀ।  ਸਮੂਹ ਟੀਮ ਵੱਲੋਂ ਪਿੰਡ ਲੰਗਿਆਣਾ ਵਿੱਚ ਪਹੁੰਚ ਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੇ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਨੂੰ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਅਤੇ ਉਨਾਂ ਦਾ ਮਠਿਆਈਆਂ ਨਾਲ ਮੂੰਹ ਵੀ ਮਿੱਠਾ ਕਰਵਾਇਆ ਜੋ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ।
ਇਸ ਮੌਕੇ ਐਸ.ਡੀ.ਐਮ. ਬਾਘਾਪੁਰਾਣਾ ਸ਼੍ਰ. ਬੇਅੰਤਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੀ ਸਬ ਡਿਵੀਜ਼ਨ ਦੀਆਂ 12 ਟੀਮਾਂ ਰੋਜ਼ਾਨਾ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਅਜਿਹੇ ਕਿਸਾਨਾਂ ਨੂੰ ਸਨਮਾਨਿਤ ਕਰਨਗੀਆਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਅਤੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਜਿਨਾਂ ਨੂੰ ਪ੍ਰਸ਼ਾਸਨ ਨੇ ਸਨਮਾਨਿਤ ਕੀਤਾ ਹੈ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਇਹ ਸਨਮਾਨ ਪ੍ਰਾਪਤ ਕਰਕੇ ਵਡਭਾਗੇ ਮਹਿਸੂਸ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਹੁਣ ਸਾਰੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਇਸ ਧਰਤੀ ਮਾਂ ਦੇ ਸੱਚੇ ਪੁੱਤਰ ਬਣਕੇ ਜੀਵ ਜੰਤੂਆਂ ਦੀ ਰਾਖੀ ਕਰਨੀ ਚਾਹੀਦੀ ਹੈ।