ਮੋਗਾ, 6 ਨਵੰਬਰ,
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਕਿਸਾਨਾਂ ਵਿੱਚ ਪਰਾਲੀ ਸਾੜਨ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਇਸਦੇ ਨਾਲ ਸਕੂਲੀ ਵਿਦਿਆਰਥੀਆਂ ਵਿੱਚ ਵੀ ਇਸ ਪ੍ਰਤੀ ਚੇਤਨਤਾ ਪੈਦਾ ਕੀਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਮਾਂ ਬਾਪ ਨੂੰ ਪਰਾਲੀ ਨਾ ਸਾੜਨ ਲਈ ਦੱਸਣ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ ਅਤੇ ਚੁਗਾਵਾਂ ਵਿੱਚ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਜ਼ਿਲ੍ਹਾ ਸਿਖਲਾਈ ਅਫ਼ਸਰ ਮੋਗਾ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ-ਖਹੂੰਦ ਜਿਵੇਂ ਝੋਨੇ/ਬਾਸਮਤੀ ਦੀ ਪਰਾਲੀ ਜਮੀਨ ਲਈ ਬਹੁਤ ਅਨਮੋਲ ਖਜਾਨਾ ਹੈ, ਜਿਸ ਨੂੰ ਅੱਗ ਲਾ ਕੇ ਅਸੀਂ ਮਹੱਤਵਪੂਰਨ ਤੱਤਾਂ, ਜੀਵਾਂ, ਦਰੱਖਤਾਂ ਵਗੈਰਾ ਨੂੰ ਸਾੜ ਲੈਂਦੇ ਹਾਂ। ਧੂੰਏ ਨਾਲ ਹਵਾ ਖਰਾਬ ਹੁੰਦੀ ਹੈ, ਜਿਸ ਨਾਲ ਬਹੁਤ ਬਿਮਾਰੀਆਂ ਲੱਗਦੀਆਂ ਹਨ ਅਤੇ ਐਕਸੀਡੈਂਟ ਦਾ ਕਾਰਨ ਵੀ ਬਣਦੇ ਹਨ। ਕਿਸਾਨਾਂ ਨੂੰ ਪਰਾਲੀ ਨੂੰ ਜਮੀਨ ਵਿੱਚ ਵਾਹ ਕੇ ਸੁਪਰਸੀਡਰ, ਹੈਪੀਸੀਡਰ ਵਗੈਰਾ ਨਾਲ ਕਣਕ ਦੀ ਬਿਜਾਈ ਕਰਨੀ ਚਾਹੀਦਾ ਹੈ ਜਾਂ ਪਰਾਲੀ ਗੱਠਾਂ ਬਣਾ ਕੇ ਬਾਹਰ ਕੱਢ ਦੇਣੀ ਚਾਹੀਦੀ ਹੈ। ਅੱਗ ਲਾਉਣ ਵਾਲੇ ਕਿਸਾਨਾਂ ਤੇ ਏਅਰ ਐਕਟ – 1981 ਅਨੁਸਾਰ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਹਨਾਂ ਵਿਦਿਆਰਥੀਆਂ ਰਾਹੀਂ ਘਰ-ਘਰ ਪਰਾਲੀ ਨੂੰ ਅੱਗ ਨਾ ਲਾਉਣ ਵਾਲਾ ਸੁਨੇਹਾ ਪਹੁੰਚਾਉਣ ਦੀ ਗੱਲ ਕੀਤੀ।
ਪ੍ਰਿੰਸੀਪਲ ਹਰਜੀਤ ਕੌਰ ਕਪੂਰੇ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਪੈਸ਼ਲ ਹਦਾਇਤਾਂ ਤੇ ਸਕੂਲਾਂ ਦੇ ਸਮੂਹ ਵਿਦਿਆਰਥੀਆਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਜਮੀਨ ਵਿੱਚ ਹੀ ਵਾਹੁਣ ਬਾਰੇ ਜਾਗ੍ਰਿਤੀ ਪ੍ਰੋਗਰਾਮ ਚੱਲ ਰਹੇ ਹਨ। ਮਾਸਟਰ ਬੂਟਾ ਸਿੰਘ ਵੱਲੋਂ ਵੀ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਬਾਰੇ ਗੱਲਬਾਤ ਕੀਤੀ। ਹਰਜਿੰਦਰ ਸਿੰਘ ਡੀ.ਪੀ. ਵੱਲੋਂ ਦੱਸਿਆ ਕਿ ਸਾਨੂੰ ਸਭ ਨੂੰ ਆਪੋ-ਆਪਣੀ ਜਿੰਮੇਵਾਰੀ ਸਮਝ ਕੇ ਵਾਤਾਵਰਨ ਬਚਾਉਣਾ ਚਾਹੀਦਾ ਹੈ। ਵਿਦਿਆਰਥੀਆਂ ਰਾਹੀਂ ਕਿਸਾਨਾਂ ਤੱਕ ਸੁਨੇਹਾ ਪਹੁੰਚਾਉਣ ਲਈ ਇਹ ਇੱਕ ਵਧੀਆ ਉਪਰਾਲਾ ਹੈ।
ਸਮੂਹ ਵਿਦਿਆਰਥੀਆਂ ਨੇ ਵੀ ਪ੍ਰਣ ਲਿਆ ਕਿ ਉਹ ਆਪਣੇ ਮਾਤਾ ਪਿਤਾ ਨੂੰ ਪਰਾਲੀ ਨਾ ਸਾੜਨ ਲਈ ਕਹਿਣਗੇ ਅਤੇ ਵਾਤਾਵਰਨ ਪੱਖੀ ਖੇਤੀ ਕਰਨ ਲਈ ਉਤਸ਼ਾਹਿਤ ਕਰਨਗੇ।
ਖੇਤੀਬਾੜੀ ਵਿਭਾਗ ਵੱਲੋਂ “ਪਰਾਲੀ ਪ੍ਰਬੰਧਨ” ਸਬੰਧੀ ਸਕੂਲਾਂ ’ਚ ਜਾਗਰੂਕਤਾ ਸੈਮੀਨਾਰ


