ਫਿਰੋਜ਼ਪੁਰ , 08 ਫਰਵਰੀ : ਕੁਸ਼ਟ ਰੋਗ ਲਾਇਲਾਜ ਨਹੀਂ ਬਸ਼ਰਤੇ ਇਸ ਬੀਮਾਰੀ ਦਾ ਸਮੇਂ ‘ਤੇ ਪਤਾ ਲੱਗ ਜਾਏ ਤੇ ਇਲਾਜ ਸ਼ੁਰੂ ਹੋ ਜਾਏ। ਇਹ ਸ਼ਬਦ ਡਾ ਗੁਰਮੇਜ ਡਿਪਟੀ ਮੈਡੀਕਲ ਕਮਿਸ਼ਨਰ ਨੇ ਵਿਸ਼ਵ ਕੁਸ਼ਟ ਰੋਗ ਦਿਵਸ਼ ਪੰਦਰਵਾੜੇ ਮੌਕੇ ਆਨੰਦ ਧਾਮ ਕੁਸ਼ਟ ਆਸ਼ਰਮ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਕਹੇ। ਉਨ੍ਹਾਂ ਇਸ ਮੌਕੇ ‘ਤੇ ਕੁਸ਼ਟ ਆਸ਼ਰਮ ਵਿਖੇ ਰਹਿ ਰਹੇ ਰੋਗੀਆਂ ਨੂੰ ਕਿਹਾ ਕਿ ਸਿਹਤ ਵਿਭਾਗ ਉਨ੍ਹਾਂ ਤੱਕ ਹਰ ਤਰ੍ਹਾਂ ਦੀ ਸਿਹਤ ਸਹੂਲਤ ਪਹੁੰਚਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਬਹੁਤ ਜਰੂਰੀ ਹੈ ਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਇਸ ਬੀਮਾਰੀ ਦੇ ਕਾਰਨਾਂ, ਲੱਛਣਾਂ ਤੇ ਇਲਾਜ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੁਸ਼ਟ ਰੋਗੀਆਂ ਨਾਲ ਸਮਾਜ ਵਿਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਤੇ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਵਿਚ ਸ਼ਾਮਲ ਹੋਣ ਵਿਚ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਜਿਲਾ ਲੈਪਰੋਸੀ ਅਫਸਰ ਡਾ ਨਵੀਨ ਨੇ ਕਿਹਾ ਕਿ ਕੁਸ਼ਟ ਰੋਗ ਨੂੰ ਲੈ ਕੇ ਸਮਾਜ ਵਿਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਪ੍ਰਚਲਤ ਹਨ। ਉਨ੍ਹਾਂ ਚਿੰਤਾ ਜਤਾਈ ਕਿ ਕੁਸ਼ਟ ਰੋਗ ਨੂੰ ਪੁਰਾਣੇ ਕਰਮਾਂ ਦੇ ਫਲ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜਦ ਕਿ ਇਹ ਰੋਗ ਮਾਈਕ੍ਰੋਬੈਕਟੀਰੀਅਮਲੈਪ੍ਰੀ ਨਾਮ ਦੇ ਜੀਵਾਣੂ ਨਾਲ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਜਮਾਂਦਰੂ ਰੋਗ ਨਹੀਂ ਹੈ । ਡਿਪਟੀ ਮਾਸ ਮੀਡੀਆ ਅਫਸਰ ਸੰਦੀਪ ਨੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਕੁਸ਼ਟ ਰੋਗੀਆਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸ਼ਰੀਰ ਤੇ ਅਜਿਹਾ ਕੋਈ ਦਾਗ ਜਾਂ ਚਮੜੀ ਤੇ ਸੁੰਨ ਦਾ ਨਿਸ਼ਾਨ,ਚਮੜੀ ਦਾ ਰੰਗ ਤਾਂਬੇ ਦੀ ਤਰ੍ਹਾਂ ਹੋਣਾ ਇਸ ਰੋਗ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰੀ ਸਲਾਹ ਨਾਲ ਦਵਾਈ ਦਾ ਕੋਰਸ ਪੂਰਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਕੁਸ਼ਟ ਆਸ਼ਰਮ ਵਿਚ ਰਹਿ ਰਹੇ ਰੋਗੀਆਂ ਨੂੰ ਵਿਭਾਗ ਵੱਲੋਂ ਸੁਪੋਰਟਿਵ ਮੈਡੀਸਨ, ਬੂਟ ਚੱਪਲਾਂ, ਦਵਾਈਆਂ, ਪੱਟੀਆਂ ਆਦ ਵੀ ਵੰਡੀਆਂ ਗਈਆਂ। ਇਸ ਮੌਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਐਮ.ਪੀ.ਐਚ.ਡਬਲਯੂ. ਵਿਕਾਸ ਅਤੇ ਆਸ਼ੀਸ਼ ਤੇ ਹੋਰ ਹਾਜਰ ਸਨ।