ਵਿਸ਼ਵ ਥੈਲੇਸੀਮੀਆ ਅਤੇ ਹੀਮੋਫੀਲੀਆ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈਂਪ

Ferozepur

ਫਿਰੋਜ਼ਪੁਰ, 8 ਮਈ:

          ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਅਬਰੋਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਵਿਸ਼ਾਲ ਬਜਾਜ ਦੀ ਅਗਵਾਈ ਵਿੱਚ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਖੂਨ ਦੇ ਰੋਗਾਂ ਥੈਲੇਸੀਮੀਆ ਅਤੇ ਹੀਮੋਫੀਲੀਆ ਬਾਰੇ ਜਾਣਕਾਰੀ, ਬਚਾਓ ਅਤੇ ਇਲਾਜ ਸਬੰਧੀ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਡੇਵਿਡ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਪੂਜਾ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਹਸਪਤਾਲ ਇਲਾਜ ਕਰਾਉਣ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਭਾਗ ਲਿਆ।

ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ.  ਡੇਵਿਡ ਨੇ ਦੱਸਿਆ ਕਿ ਹੀਮੋਫੀਲੀਆ ਦੇ ਮਰੀਜਾਂ ਲਈ ਸੁਚੱਜੀ ਤੇ ਉੱਤਮ ਦੇਖਭਾਲ ਨੂੰ ਯਕੀਨੀ ਬਣਾਉਣ ਲਈ 20 ਇੰਟੀਗ੍ਰੇਟਡ ਸੈਂਟਰ (ਆਈ.ਸੀ.ਐਚ.ਐਚ.) ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਹੀਮੋਫੀਲੀਆ ਦੇ ਸਾਰੇ ਰਜਿਸਟਰਡ ਮਰੀਜਾਂ ਨੂੰ ਬਿਲਕੁਲ ਮੁਫਤ ਇਲਾਜ ਉਪਲਬਧ ਕਰਵਾਇਆ ਜਾ ਰਿਹਾ ਹੈ। ਹੀਮੋਫੀਲੀਆ ਲਈ ਇੰਟੀਗ੍ਰੇਟਡ ਸੈਂਟਰ (ਆਈ.ਸੀ.ਐਚ.ਐਚ.) ਤਿੰਨੋਂ ਸਰਕਾਰੀ ਮੈਡੀਕਲ ਕਾਲਜਾਂ ਅੰਮ੍ਰਿਤਸਰ, ਫ਼ਰੀਦਕੋਟ ਅਤੇ ਪਟਿਆਲਾ, ਜ਼ਿਲ੍ਹਾ ਹਸਪਤਾਲਾਂ ਅਤੇ ਏਮਜ਼ ਬਠਿੰਡਾ ਵਿਖੇ ਸਥਾਪਤ ਕੀਤੇ ਗਏ ਹਨ। ਇਸ ਲਈ ਹੁਣ ਹੀਮੋਫੀਲੀਆ ਦੇ ਮਰੀਜ਼ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਲੋੜੀਂਦੇ ਇਲਾਜ ਦਾ ਲਾਭ ਲੈ ਸਕਦੇ ਹਨ। ਹੀਮੋਫੀਲੀਕ ਵਿਅਕਤੀਆਂ ਦਾ ਇਲਾਜ ਮੈਡੀਕਲ ਮਾਹਰਾਂ ਅਤੇ ਹੋਰ ਸਿੱਖਿਅਤ ਸਟਾਫ ਦੀ ਨਿਗਰਾਨੀ ਵਿੱਚ ਕੀਤਾ ਜਾਂਦਾ ਹੈ। ਇਹ ਖੂਨ ਵਹਿਣ ਦੀ ਬਿਮਾਰੀ ਹੈ ਜਿਸ ਤੋਂ ਪੀੜਤ ਵਿਅਕਤੀ ਵਿੱਚ ਬਹੁਤ ਘੱਟ ਪੱਧਰ ਦੇ ਕਲੌਟਿੰਗ ਫੈਕਟਰ ਹੁੰਦੇ ਹਨ ਜਾਂ ਉਸਦਾ ਲਹੂ ਸਹੀ ਤਰਾਂ ਨਾਲ ਨਹੀਂ ਜੰਮਦਾ ਜਿਸ ਨਾਲ ਵਧੇਰੇ ਖੂਨ ਵਹਿਣ ਦੀ ਸਮੱਸਿਆ ਹੁੰਦੀ ਹੈ।

 ਇਸ ਮੌਕੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਪੂਜਾ ਨੇ ਦੱਸਿਆ ਕਿ ਥੈਲੇਸੀਮੀਆ ਅਜਿਹੀ ਬਿਮਾਰੀ ਹੈ ਜਿਸ ਬਾਰੇ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਇਹ ਮਾਂ ਬਾਪ ਦੇ ਜੀਨਸ ਰਾਹੀਂ ਬੱਚੇ ਵਿਚ ਜਾਂਦੀ ਹੈ ਅਤੇ ਫਿਰ ਬੱਚਾ ਸਾਰੀ ਜ਼ਿੰਦਗੀ ਬੇਗਾਨੇ ਖੂਨ ਦਾ ਮੁਥਾਜ ਹੋ ਕੇ ਰਹਿ ਜਾਂਦਾ ਹੈ। ਇਹ ਖੂਨ ਨਾਲ ਸਬੰਧੀ ਅਜਿਹਾ ਰੋਗ ਹੈ ਜਿਸ ਵਿਚ ਲਾਲ ਰਕਤਾਣੂ ਕੁਦਰਤੀ ਤਰੀਕੇ ਨਾਲ ਸਰੀਰ ਵਿੱਚ ਕੰਮ ਕਰਨਾ ਬੰਦ ਕਰ ਦਿੰਦੇ ਹਨ। ਬੱਚੇ ਦੇ ਵਿਚ ਕੁਝ ਜੀਨਸ ਮਾਂ ਦੇ ਅਤੇ ਕੁਝ ਪਿਤਾ ਦੇ ਹੁੰਦੇ ਹਨ। ਮਾਤਾ ਪਿਤਾ ਵਿਚੋਂ ਜੇਕਰ ਕਿਸੇ ਇਕ ਨੂੰ ਮਾਈਨਰ ਥੈਲੇਸੀਮੀਆ ਹੈ, ਤਾਂ ਕੋਈ ਫਿਕਰ ਵਾਲੀ ਗੱਲ ਨਹੀਂ। ਪਰ, ਜੇਕਰ ਮਾਂ ਬਾਪ ਦੋਵੇਂ ਹੀ ਮਾਈਨਰ ਥੈਲੇਸੀਮੀਆ ਤੋਂ ਪੀੜਤ ਹਨ ਤਾਂ ਹੋਣ ਵਾਲੇ ਬੱਚੇ ਨੂੰ ਮੇਜਰ ਥੈਲੇਸੀਮੀਆ ਹੋ ਸਕਦਾ ਹੈ। ਕਈ ਵਾਰ ਖੂਨ ਵਿਚ ਆਈਰਨ ਦੀ ਮਾਤਰਾ ਇਕ ਦਮ ਵੱਧ ਜਾਂਦੀ ਹੈ। ਇਸੇ ਲਈ ਡਾਕਟਰਾਂ ਵੱਲੋਂ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ ਅਤੇ ਲੜਕੀ ਦੀ ਖੂਨ ਦੀ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ, ਜੇਕਰ ਲੜਕਾ ਲੜਕੀ ਦੋਵੇਂ ਥੈਲੇਸੀਮੀਆ ਪੀੜਤ ਹਨ ਤਾਂ ਵਿਆਹ ਨਹੀ ਕਰਵਾਉਣਾ ਚਾਹੀਦਾ।

    ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਸੰਦੀਪ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੂਨ ਨਾਲ ਸਬੰਧਤ ਰੋਗ ਥੈਲੇਸੀਮੀਆ ਇਕ ਅਜਿਹਾ ਰੋਗ ਹੈ,  ਜੋਕਿ ਬੱਚੇ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਹੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਬਿਮਾਰੀ ਤੋਂ ਪੀੜਤ ਬੱਚੇ ਦੇ ਖੂਨ ਵਿੱਚ ਲਾਲ ਰਕਤਾਣੂ ਬਹੁਤ ਤੇਜ਼ੀ ਨਾਲ ਘੱਟਦੇ ਹਨ ਅਤੇ ਕੁਦਰਤੀ ਤਰੀਕੇ ਨਾਲ ਲਾਲ ਰਕਤਾਣੂ ਬਣਨੇ ਬੰਦ ਹੋ ਜਾਂਦੇ ਹਨ। ਇਸ ਲਈ ਬੱਚੇ ਨੂੰ ਹਰ 21 ਦਿਨ ਬਾਅਦ ਬਾਹਰੀ ਖੂਨ ਚੜਾਉਣਾ ਪੈਂਦਾ ਹੈ। ਇਕ ਗੰਭੀਰ ਸਮੱਸਿਆ ਇਹ ਵੀ ਹੈ ਕਿ ਜੇਕਰ ਅਜਿਹੇ ਬੱਚੇ ਦਾ ਇਲਾਜ ਨਾ ਹੋ ਸਕੇ ਤਾਂ ਉਹ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ।