ਬਰਨਾਲਾ, 20 ਫਰਵਰੀ
ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਦੀ ਰਹਿਨੁਮਾਈ ਹੇਠ ਅਨਾਜ ਮੰਡੀ ਵਿਖੇ ਮੌਜੂਦ ਸਲੱਮ ਏਰੀਏ ਦੇ ਉਨ੍ਹਾਂ ਬੱਚਿਆ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਜੋ ਕਿ ਵੱਖ ਵੱਖ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਸ਼ਾਮ ਦੇ ਸਮੇਂ ਅਨਾਜ ਮੰਡੀ ਵਿੱਚ ਸਮਾਜ ਸੇਵੀਆਂ ਵੱਲੋ ਚਲਾਈ ਜਾ ਰਹੀ ਟਿਊਸ਼ਨ ਵਿੱਚ ਬੈਠਦੇ ਹਨ।
ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਇਸੇ ਸਲੱਮ ਏਰੀਆ ਵਿੱਚ ਚੱਲ ਰਹੇ ਟਿਊਸ਼ਨ ਸੈਂਟਰ ਵਿੱਚ ਬੱਚਿਆਂ ਨਾਲ ਤਾਲਮੇਲ ਕੀਤਾ ਸੀ ਤਾਂ ਟਿਊਸ਼ਨ ਸੈਂਟਰ ਦੀ ਅਧਿਆਪਕਾ ਨੇ ਦੱਸਿਆ ਸੀ ਕਿ ਇਸ ਟਿਊਸ਼ਨ ਸੈਂਟਰ ਵਿੱਚ ਲੱਗਭਗ 150 ਦੇ ਕਰੀਬ ਬੱਚੇ ਮੁਫ਼ਤ ਸਿੱਖਿਆ ਦਾ ਲਾਭ ਲੈ ਰਹੇ ਹਨ ਪ੍ਰੰਤੂ ਬੱਚਿਆਂ ਕੋਲ ਸਟੇਸ਼ਨਰੀ ਦਾ ਸਮਾਨ ਜਿਵੇਂ ਕਿ ਕਿਤਾਬਾਂ, ਕਾਪੀਆਂ, ਪੈਨ, ਪੈਨਸਿਲ, ਰਬੜ, ਸਾਪਨਰ ਆਦਿ ਦੀ ਬਹੁਤ ਘਾਟ ਹੈ ਜਿਸ ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਇਨ੍ਹਾਂ 150 ਦੇ ਕਰੀਬ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਬੱਚਿਆ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਪੜ੍ਹ ਲਿਖ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਥਿਤੀ ਵਿੱਚ ਸੁਧਾਰ ਕਰ ਸਕਦੇ ਹਨ ਅਤੇ ਬਾਲ ਵਿਆਹ, ਬਾਲ ਮਜਦੂਰੀ, ਬਾਲ ਸ਼ੋਸ਼ਣ ਅਤੇ ਬਾਲ ਭਿਖਿਆ ਆਦਿ ਸਮਾਜਿਕ ਕੁਰੀਤੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਸਕਦੇ ਹਾਂ ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਿਚੋਂ ਸ਼੍ਰੀ ਰੁਪਿੰਦਰ ਸਿੰਘ, ਸ਼੍ਰੀ ਲੱਖਾ ਸਿੰਘ, ਮਿਸ. ਪ੍ਰਿਤਪਾਲ ਕੌਰ, ਸ਼੍ਰੀ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।
ਸਲੱਮ ਏਰੀਏ ਵਿਚ ਲਗਾਇਆ ਜਾਗਰੂਕਤਾ ਕੈਂਪ


