ਨਰਮੇਂ ਦੀ ਫਸਲ ’ਚ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ

Bathinda

ਬਠਿੰਡਾ, 25 ਜੁਲਾਈ : ਨਰਮਾ ਪੱਟੀ ਵਾਲੇ ਜਿਲ੍ਹਿਆਂ ਵਿੱਚ ਆਈ.ਸੀ.ਏ.ਆਰ.-ਸੀ.ਆਈ.ਸੀ.ਆਰ. ਸਿਰਸਾ ਵੱਲੋਂ ਲਗਾਏ ਜਾ ਰਹੇ ਕਿਸਾਨ ਜਾਗਰੂਕਤਾ ਕੈਂਪਾਂ ਦੀ ਲੜ੍ਹੀ ਤਹਿਤ ਪਿੰਡ ਜੱਸੀ ਪੌ ਵਾਲੀ ਵਿਖੇ ਰਿਜਨਲ ਰੀਸਰਚ ਸਟੇਸ਼ਨ ਬਠਿੰਡਾ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।

ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਜਸਜਿੰਦਰ ਕੌਰ, ਐਂਟੋਮੋਲੋਜਿਸ਼ਟ, ਰਿਸਰਚ ਸਟੇਸ਼ਨ ਬਠਿੰਡਾ ਨੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਨਰਮੇਂ ਦੀ ਫਸਲ ਵਿੱਚ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਨਰਮੇਂ ਵਿੱਚ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਕੋਲਾਸਟੋ 200 ਗਰਾਮ ਜਾਂ ਸਫੀਨਾ 400 ਮਿਲੀਲਿਟਰ ਜਾਂ ਓਸ਼ੀਨ 60 ਗਰਾਮ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਿਸ਼ ਕੋਈ ਵੀ ਕੀਟਨਾਸ਼ਕ ਦਵਾਈ ਸਪਰੇ ਕਰ ਸਕਦੇ ਹਨ।

ਡਾ. ਅਮਨਪ੍ਰੀਤ ਸਿੰਘ ਸਾਇੰਸਦਾਨ ਸੀ.ਆਈ.ਸੀ.ਆਰ., ਸਿਰਸਾ ਨੇ ਕਿਸਾਨਾਂ ਨੂੰ ਨਰਮੇਂ ਦੀ ਸੁਚੱਜੀ ਕਾਸ਼ਤ ਬਾਰੇ ਜਾਣਕਾਰੀ ਦਿੰਦੇ ਹੋਏ ਨਰਮੇਂ ਦੀ ਖੇਤੀ ਨੂੰ ਸਫਲ ਬਣਾਉਣ ਲਈ ਨੁਕਤੇ ਸਾਂਝੇ ਕੀਤੇ, ਉਨ੍ਹਾਂ ਕਿਸਾਨਾਂ ਨੂੰ ਨਰਮੇਂ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਪਲੈਟ ਅਤੇ ਪੀ.ਬੀ. ਨਾਟ ਆਦਿ ਤਰੀਕਿਆਂ ਤੋਂ ਜਾਣੂ ਕਰਵਾਇਆ।

ਡਾ. ਰਪੇਸ਼ ਅਰੋੜਾ ਨੇ ਨਰਮੇਂ ਦੀ ਫਸਲ ਵਿੱਚ ਆਉਣ ਵਾਲੀਆਂ ਬਿਮਾਰੀਆਂ ਅਤੇ ਇਨ੍ਹਾਂ ਦੀ ਰੋਕਥਾਮ ਬਾਰੇ ਚਾਨਣਾ ਪਾਇਆ।ਡਾ. ਹਰਜੀਤ ਸਿੰਘ ਬਰਾੜ, ਐਗਰੋਨੋਮਿਸ਼ਟ, ਰਿਸਰਚ ਸਟੇਸ਼ਨ ਬਠਿੰਡਾ ਨੇ ਕਿਸਾਨਾਂ ਨੂੰ ਨਰਮੇਂ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ ਅਤੇ ਸੁਚੱਜੇ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਬੇਲੋੜੀਆਂ ਖਾਦਾਂ ਦੀ ਵਰਤੋਂ ਨਾ ਕਰਕੇ ਖੇਤੀ ਖਰਚਿਆਂ ਨੂੰ ਘਟਾਇਆ ਜਾ ਸਕੇ।

ਡਾ. ਜਗਪਾਲ ਸਿੰਘ, ਏ.ਡੀ.ਓ. ਬਲਾਕ ਬਠਿੰਡਾ ਨੇ ਨਰਮੇਂ ਦੀ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਲਗਾਤਾਰ ਫਸਲ ਦਾ ਸਰਵੇਖਣ ਕਰਨ ਦੀ ਸਲਾਹ ਦਿੱਤੀ ਅਤੇ ਜੇਕਰ ਨਰਮੇਂ ਦੀ ਫਸਲ ਵਿੱਚ ਕਿਸੇ ਵੀ ਕੀਟ ਦਾ ਹਮਲਾ ਆਰਥਿਕ ਕਗਾਰ ਤੋਂ ਵਧੇਰੇ ਪਾਇਆ ਜਾਂਦਾ ਹੈ ਤਾਂ ਸਿਫਾਰਿਸ਼ ਕੀਟਨਾਸ਼ਕਾਂ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਖਾਦਾਂ ਮਿੱਟੀ ਪਰਖ ਦੇ ਆਧਾਰ ਤੇ ਹੀ ਵਰਤੀਆਂ ਜਾਣ।

ਅਖੀਰ ਵਿੱਚ ਸ੍ਰੀ ਗੁਰਮਿਲਾਪ ਸਿੰਘ, ਬੀ.ਟੀ.ਐਮ. ਬਠਿੰਡਾ ਨੇ ਕਿਸਾਨਾਂ ਨੂੰ ਆਤਮਾ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੱਸਿਆ ਕਿ ਆਤਮਾ ਅਧੀਨ ਨਰਮੇਂ ਦੀ ਫਸਲ ਸਬੰਧੀ ਪ੍ਰਦਰਸ਼ਨੀਆਂ, ਫਾਰਮ ਸਕੂਲ ਲਗਾ ਕੇ ਨਰਮੇਂ ਦੀ ਖੇਤੀ ਨੂੰ ਸਫਲ ਬਣਾਉਣ ਲਈ ਕਿਸਾਨਾਂ ਤੱਕ ਹਰ ਤਕਨੀਕੀ ਜਾਣਕਾਰੀ ਪਹੁੰਚਾਈ ਜਾ ਰਹੀ ਹੈ, ਅਖੀਰ ਵਿੱਚ ਉਨ੍ਹਾਂ ਕੈਂਪ ਵਿੱਚ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।