ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵਿਖੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸਹਿਯੋਗ ਨਾਲ ਅਗਾਂਹਵਧੂ ਕਿਸਾਨਾਂ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ
ਫ਼ਿਰੋਜ਼ਪੁਰ, 09 ਅਗਸਤ 2024: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵੱਲੋਂ ਡਾ. ਜੀ.ਪੀ.ਐਸ. ਸੋਢੀ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਲਗਾਇਆ ਗਿਆ। ਜਿਸ ਵਿੱਚ 60 ਦੇ ਕਰੀਬ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ਉਦਘਾਟਨੀ ਸਮਾਰੋਹ ਅਤੇ ਵੱਖ–ਵੱਖ ਏਜੰਸੀਆਂ ਤੋਂ ਆਏ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਇਸ ਮੌਕੇ ਡਾ. ਮੁਨੀਸ਼ ਕੁਮਾਰ ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਕਿਸਾਨਾਂ ਨੂੰ ਪਸ਼ੂ ਪਾਲਣ ਪ੍ਰਬੰਧਨ ਲਈ ਵਾਤਾਵਰਣ ਅਨੁਕੂਲ ਟਿਕਾਊ ਤਕਨੀਕਾਂ ਬਾਰੇ ਮਾਰਗਦਰਸ਼ਨ ਕੀਤਾ ਅਤੇ ਕਿਸਾਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਊਰਜਾ ਕੁਸ਼ਲ ਯੰਤਰਾਂ ਦੀ ਵਰਤੋ ਕਰਕੇ ਘਰੇਲੂ ਅਤੇ ਖੇਤੀਪੱਧਰ ‘ਤੇ ਊਰਜਾ ਬਚਾਉਣ ਲਈ ਜ਼ੋਰ ਦਿੱਤਾ। ਸ਼੍ਰੀ ਕਰਨ ਕੰਧਾਰੀ ਪ੍ਰੋਗਰਾਮ ਕੋਆਰਡੀਨੇਟਰ ਨੇ ਘਰੇਲੂ ਅਤੇ ਖੇਤੀਬਾੜੀ ਦੋਵਾਂ ਪੱਧਰਾਂ ’ਤੇ ਸੋਲਰ ਉਪਕਰਣਾ ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਐਚ.ਕੇ.ਸਿੰਘ ਊਰਜਾ ਮਾਹਿਰ ਬੀ.ਈ.ਈ. ਨੇ ਊਰਜਾ ਕੁਸ਼ਲਤਾ, ਬੀ.ਈ.ਈ. ਸਟਾਰ ਰੇਟਡ, ਸੂਰਜੀ ਉਪਕਰਨਾਂ ਅਤੇ ਤਕਨੀਕੀ ਖੇਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਭਾਰਤ ਸਰਕਾਰ ਦੁਆਰਾ ਖੇਤੀਬਾੜੀ ਅਤੇ ਘਰੇਲੂ ਖੇਤਰਾਂ ਲਈ ਸ਼ੁਰੂ ਕੀਤੀਆਂ ਊਰਜਾ ਦੀ ਕੁਸ਼ਲ ਵਰਤੋਂ ਲਈ ਸਕੀਮਾਂ ਬਾਰੇ ਵੀ ਦੱਸਿਆ। ਇਸ ਮੌਕੇ ਡਾ. ਆਨੰਦ ਗੌਤਮ, ਸਹਾਇਕ ਪ੍ਰੋਫੈਸਰ (ਐਫ.ਐਮ.ਪੀਈ) ਨੇ ਖੇਤੀਬਾੜੀ ਮਸ਼ੀਨਰੀ ਦੀ ਕੁਸ਼ਲ ਵਰਤੋਂ ਲਈ ਸੂਰਜੀ ਊਰਜਾ ਯੰਤਰਾਂ, ਪਾਣੀ ਦੀ ਸੁਚੱਜੀ ਵਰਤੋਂ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਲਈ ਪ੍ਰੇਰਿਤ ਕੀਤਾ। ਡਾ. ਦਿਵਿਆ ਜੈਨ ਸਹਾਇਕ ਪ੍ਰੋਫ਼ੈਸਰ (ਗ੍ਰਹਿ ਵਿਗਿਆਨ) ਨੇ ਸਟੇਜ ਦਾ ਸੰਚਾਲਨ ਕਰਦਿਆਂ ਖੇਤੀਬਾੜੀ ਖੇਤਰ ਵਿੱਚ ਵਧਦੀ ਊਰਜਾ ਅਤੇ ਪਾਣੀ ਦੀ ਖਪਤ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਬੀ.ਐਸ. ਸੇਖੋਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ)ਨੇ ਸਬਜ਼ੀਆਂ ਦੀ ਸਫਲ ਕਾਸ਼ਤ ਲਈ ਵਡਮੁੱਲੇ ਸੁਝਾਅ ਸਾਂਝੇ ਕੀਤੇ। ਸਮਾਗਮ ਦੀ ਸਮਾਪਤੀ ਖੁੱਲ੍ਹੀ ਚਰਚਾ ਅਤੇ ਸਵਾਲ–ਜਵਾਬ ਸੈਸ਼ਨ ਨਾਲ ਹੋਈ। ਅੰਤ ਵਿੱਚ ਕੇ.ਵੀ.ਕੇ. ਟੀਮ ਨੇ ਪ੍ਰੋਗਰਾਮ ਵਿਚ ਹਾਜ਼ਰ ਕਿਸਾਨਾਂ ਅਤੇ ਬੁਲਾਰਿਆ ਦਾ ਧੰਨਵਾਦ ਕੀਤਾ।
Continue Reading