ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ : ਵਧੀਕ ਡਿਪਟੀ ਕਮਿਸ਼ਨਰ

Bathinda Politics Punjab

ਬਠਿੰਡਾ, 3 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਪੂਨਮ ਸਿੰਘ ਵੱਲੋਂ ਅੱਜ ਜ਼ਿਲ੍ਹੇ ਭਰ ਦੇ ਇੰਟਰਨੈਸ਼ਨਲ ਪੱਧਰ ਤੇ ਹਿੱਸਾ ਲੈਣ ਵਾਲੇ, ਨੈਸ਼ਨਲ ਮੈਡਲਿਸਟ ਅਤੇ ਸਟੇਟ ਮੈਡਲਿਸਟ ਪ੍ਰਾਪਤ ਕਰਨ ਵਾਲੇ 14 ਖਿਡਾਰੀਆਂ ਨੂੰ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਸਰਟੀਫ਼ਿਕੇਟ ਤਕਸੀਮ ਕੀਤੇ ਗਏ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਉਤਸਾਹ ਸਕੀਮ ਬਠਿੰਡਾ ਰਾਈਫ਼ਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਾਲ 2022 ਤੋਂ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਇੰਟਰਨੈਸ਼ਨਲ ਪੱਧਰ ਤੇ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਹਰ ਮਹੀਨੇ 2000 ਰੁਪਏ, ਨੈਸ਼ਨਲ ਪੱਧਰ ਤੇ ਮੈਡਲਿਸਟ ਨੂੰ 1500 ਰੁਪਏ ਅਤੇ ਸਟੇਟ ਪੱਧਰ ਦੇ ਮੈਡਲਿਸਟ ਨੂੰ 1000 ਰੁਪਏ ਪ੍ਰਤੀ ਮਹੀਨਾ ਉਨ੍ਹਾਂ ਦੇ ਖਾਤਿਆਂ ਵਿਚ ਪਾਏ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 2 ਸਾਲ ਮੁਕੰਮਲ ਹੋਣ ਤੋਂ ਬਾਅਦ ਅੱਜ ਇਸ ਉਤਸਾਹ ਸਕੀਮ ਦੀ ਲਗਾਤਾਰ ਤੀਜੇ ਸਾਲ ਦੀ ਸ਼ੁਰੂਆਤ ਕਰਦਿਆਂ ਇਨ੍ਹਾਂ ਖਿਡਾਰੀਆਂ ਦੇ ਖਾਤੇ ਵਿੱਚ ਮਹੀਨਾ ਨਵੰਬਰ ਦੀ ਆਨਲਾਈਨ ਰਾਸ਼ੀ ਪਾਉਣ ਦੇ ਨਾਲ-ਨਾਲ ਸਰਟੀਫ਼ਿਕੇਟ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਇਨ੍ਹਾਂ ਖਿਡਾਰੀਆਂ ਦੇ ਖਾਤੇ ਵਿੱਚ ਲਗਾਤਾਰ 1 ਸਾਲ ਹਰ ਮਹੀਨੇ ਪਾਈ ਜਾਇਆ ਕਰੇਗੀ। 

ਇਸ ਦੌਰਾਨ ਮੈਡਮ ਪੂਨਮ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਬਠਿੰਡਾ ਨਾਲ ਕੋਈ ਹੋਰ ਵੀ ਖਿਡਾਰੀ ਜੋ ਇੰਟਰਨੈਸ਼ਨਲ ਪੱਧਰ ਤੇ ਹਿੱਸਾ ਲੈ ਚੁੱਕਿਆ ਹੋਵੇ ਜਾਂ ਨੈਸ਼ਨਲ ਪੱਧਰ, ਸਟੇਟ ਪੱਧਰ ਤੇ ਮੈਡਲਿਸਟ ਹੋਵੇ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦੇ ਕਮਰਾ ਨੰਬਰ 233-ਈ ਵਿਖੇ ਜਾਂ, ਸ਼ਹੀਦ ਭਗਤ ਵਿੱਚ ਖੇਡ ਸਟੇਡੀਅਮ ਬਠਿੰਡਾ ਵਿਖੇ ਮੌਜੂਦ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਵਿਖੇ ਵੀ ਸੰਪਰਕ ਕਰ ਸਕਦਾ ਹੈ। 

ਇਸ ਮੌਕੇ ਸ਼੍ਰੀ ਆਰ.ਕੇ. ਜੈਨ ਮੈਨੇਜਰ ਰਾਈਫ਼ਲ ਐਸੋਸੀਏਸ਼ਨ ਬਠਿੰਡਾ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਗੁਰਚਰਨ ਸਿੰਘ ਲੇਖਾਕਾਰ, ਕੋਚ ਨਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਖਿਡਾਰੀ ਆਦਿ ਮੌਜੂਦ ਸਨ।