ਪਿੰਡ ਚੂਹੜੀਵਾਲਾ ਚਿਸ਼ਤੀ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਹੋਵੇਗਾ ਮੁਕੰਮਲ , ਵਿਧਾਇਕ ਸਵਨਾ ਨੇ ਰੱਖਿਆ ਨੀਂਹ ਪੱਥਰ

Fazilka Punjab

ਫਾਜ਼ਿਲਕਾ 17 ਨਵੰਬਰ 

ਪਿੰਡ ਚੂਹੜੀਵਾਲਾ ਚਿਸ਼ਤੀ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ  ਮੁਕੰਮਲ ਹੋਵੇਗਾ| ਇਸ ਤਹਿਤ ਹਲਕਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ 5 ਲੱਖ ਰੁਪਏ ਦੀ ਰਹਿੰਦੀ ਗਰਾਂਟ ਜ਼ਾਰੀ ਕਰਦਿਆਂ ਨੀਂਹ ਪੱਥਰ ਰੱਖ ਕੇ ਕੰਮ  ਸ਼ੁਰੂ ਕਰਵਾਇਆ|

 ਫਾਜ਼ਿਲਕਾ ਦੇ ਵਿਧਾਇਕ ਨੇ ਕਿਹਾ ਕਿ ਪਿੰਡਾਂ ਵਿਖ਼ੇ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਦੇ ਮੰਤਵ ਤਹਿਤ ਗੰਦੇ ਪਾਣੀ ਦੀ ਨਿਕਾਸੀ ਸੁਯੋਗ ਢੰਗ ਨਾਲ ਹੋਣੀ ਚਾਹੀਦੀ ਹੈ, ਜਿਸ ਕਰਕੇ ਪ੍ਰੋਜੈਕਟ ਦੀ ਸਿਰਜਣਾ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸਿਹਤ ਪ੍ਰਤੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ, ਗੰਦਗੀ ਦਾ ਫੈਲਾਅ ਨਾ ਹੋਵੇ ਇਸ ਕਰਕੇ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ|

ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਮੰਗਾ ਤੇ ਲੋੜ ਅਨੁਸਾਰ ਪ੍ਰੋਜੈਕਟ ਉਲੀਕੇ ਜਾ ਰਹੇ ਹਨ| ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ  ਹੋਣ ਵਾਲੇ ਕੰਮਾਂ ਦੇ ਮਤੇ ਸਾਂਝੀ ਥਾਵਾਂ ਤੇ ਪਾਏ ਜਾਣ ਤਾਂ ਜੋ ਪਿੰਡ ਵਾਸੀਆਂ ਦੀ ਸਹਿਮਤੀ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਸਕਣ| 

ਇਸ ਮੌਕੇ ਸਰਪੰਚ ਬਲਵੰਤ ਸਿੰਘ, ਗੁਰਦਿਆਲ ਸਿੰਘ, ਪੰਚਾਇਤ ਅਫ਼ਸਰ ਦਰਸ਼ਨ ਸਿੰਘ, ਪੰਚਾਇਤ ਸਕੱਤਰ ਵਿਸ਼ਵਕਿਰਤੀ, ਗੁਰਦੇਵ ਸਿੰਘ, ਗਗਨਦੀਪ ਸਿੰਘ, ਪਿੰਡ ਦੇ ਮੋਹਤਵਾਰ ਤੇ ਪਤਵੰਤੇ ਸੱਜਣ ਅਤੇ ਆਪ ਆਗੂ ਮੌਜੂਦ ਸਨ |