ਅੰਮ੍ਰਿਤਸਰ, 29 ਜਨਵਰੀ 2024
ਆਮ ਆਦਮੀ ਪਾਰਟੀ ਬਿਨਾਂ ਕਿਸੇ ਭੇਦਭਾਵ ਦੇ ਸੂਬੇ ਦਾ ਵਿਕਾਸ ਕਰ ਰਹੀ ਹੈ ਅਤੇ ਪਿਛਲੀਆਂ ਸਰਕਾਰਾਂ ਵਲੋਂ ਕੇਵਲ ਆਪਣਾ ਹੀ ਵਿਕਾਸ ਕੀਤਾ ਹੈ ਨਾ ਕਿ ਸੂਬੇ ਦਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਪੰਜਾਬ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦਾ ਉਦਘਾਟਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਈ.ਟੀ.ਓ ਨੇ ਦੱਸਿਆ ਕਿ ਅਲਿਮਕੋ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਜੰਡਿਆਲਾ ਅਤੇ ਬਾਬਾ ਬਕਾਲਾ ਵਿੱਚ ਦਿਵਿਆਂਗ ਵਿਅਕਤੀਆਂ ਦੀਆਂ ਲੋੜਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ ਸਨ, ਨੂੰ ਅੱਜ ਜੰਡਿਆਲਾ ਵਿਖੇ ਕੈਂਪ ਲਗਾ ਕੇ ਲੋੜਵੰਦ ਵਿਅਕਤੀਆ ਦੇ ਸਹਾਇਕ ਉਪਕਰਣ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦੇ ਸ: ਈ.ਟੀ.ਓ ਨੇ ਕਿਹਾ ਕਿ ਦਿਵਿਆਂਗ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਈਆਂ ਹਨ ਅਤੇ ਛੇਤੀ ਹੀ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾ ਕੇ ਬਾਕੀ ਰਹਿੰਦੇ ਲੋਕਾਂ ਤੱਕ ਵੀ ਲੋੜੀਂਦੀ ਸਹਾਇਤਾ ਸਮੱਗਰੀ ਪਹੁੰਚਾਈ ਜਾਵੇਗੀ।
ਉਨਾਂ ਦੱਸਿਆ ਕਿ ਅੱਜ ਦੇ ਕੈਂਪਾਂ ਵਿੱਚ 334 ਵਿਅਕਤੀਆਂ ਨੂੰ ਅਲਿਮਕੋ ਦੀ ਸਹਾਇਤਾ ਨਾਲ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਕਰੀਬ 45 ਲੱਖ ਰੁਪਏ ਦੇ 680 ਸਹਾਇਕ ਉਪਰਕਣ ਵੰਡੇ ਗਏ ਹਨ। ਉਨਾਂ ਦੱਸਿਆ ਕਿ ਜਿਨਾਂ ਦਿਵਿਆਂਗਾਂ ਨੂੰ ਟਰਾਈ ਸਾਈਕਲ ਦਿੱਤੇ ਗਏ ਹਨ ਉਨਾਂ ਨੂੰ ਹੈਲਮਟਾਂ ਦੀ ਵੀ ਵੰਡ ਕੀਤੀ ਗਈ ਹੈ। ਉਨਾਂ ਦੱਸਿਆ ਹਰੇਕ ਵਿਅਕਤੀ ਦੀ ਲੋੜ ਅਨੁਸਾਰ ਸਾਇਜ ਲੈ ਕੇ ਉਪਕਰਣ ਤਿਆਰ ਕਰਵਾਏ ਗਏ ਅਤੇ ਹੁਣ ਉਨਾਂ ਦੇ ਨਜ਼ਦੀਕੀ ਸਥਾਨਾਂ ’ਤੇ ਜਾ ਕੇ ਕੈਂਪ ਲਗਾ ਕੇ ਇਹ ਵੰਡ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਸਾਰੇ ਉਪਕਰਣ ਅਲਿਮਕੋ ਵਲੋਂ ਬਹੁਤ ਵਧੀਆ ਤਕਨੀਕ ਅਤੇ ਕੁਆਲਿਟੀ ਨਾਲ ਤਿਆਰ ਕੀਤੇ ਗਏ ਹਨ। ਇਸ ਮੌਕੇ ਟਰਾਈ ਸਾਈਕਲਾ ਤੋਂ ਇਲਾਵਾ ਵੀਲ੍ਹ ਚੇਅਰ, ਸਮਾਰਟ ਫੋਨ, ਸਮਾਰਟ ਕੇਨ, ਵਾਕਿੰਗ ਸਟਿਕ ਆਦਿ ਦੀ ਵੰਡ ਵੀ ਕੀਤੀ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਈ.ਟੀ.ਓ. ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਸੜ੍ਹਕ ਸੁਰੱਖਿਆ ਫੋਰਸ ਦਾ ਗਠਨ ਕਰਕੇ ਪੂਰੇ ਦੇਸ਼ ਵਿੱਚ ਇਕ ਨਵੀਂ ਪਹਿਲਕਦਮੀ ਕੀਤੀ ਹੈ, ਜਿਸ ਨਾਲ ਸੜ੍ਹਕੀ ਦੁਰਘਟਨਾਵਾਂ ’ਤੇ ਠੱਲ ਪਾਈ ਜਾ ਸਕਦੀ ਹੈ ਅਤੇ ਜਖਮੀਆਂ ਨੂੰ ਤੁਰੰਤ ਹੀ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਉਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਸਿਹਤ ਸੁਵਿਧਾਵਾਂ ਘਰ ਦੇ ਨੇੜੇ ਹੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 116 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਅਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਹੁਣ ਬਾਹਰੋਂ ਦਵਾਈਆਂ ਨਹੀਂ ਲੈਣੀਆਂ ਪੈਣਗੀਆਂ ਅਤੇ ਹਸਪਤਾਲਾਂ ਵਿੱਚ ਸਾਰਾ ਇਲਾਜ ਮੁਫ਼ਤ ਹੋਵੇਗਾ।
ਇਸ ਮੌਕੇ ਹਲਕਾ ਵਿਧਾਇਕ ਬਾਬਾ ਬਕਾਲਾ ਸ: ਦਲਬੀਰ ਸਿੰਘ ਟੌਂਗ, ਐਸ.ਡੀ.ਐਮ. ਬਾਬਾ ਬਕਾਲਾ ਸ ਅਮਨਦੀਪ ਸਿੰਘ, ਚੇਅਰਮੈਨ ਛਨਾਖ ਸਿੰਘ, ਸ੍ਰੀ ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਸਿੱਖਿਆ ਅਧਿਕਾਰੀ, ਸੀ.ਡੀ.ਪੀ.ਓ. ਰਈਆ ਖੁਸ਼ਮੀਤ ਕੌਰ ਤੋਂ ਇਲਾਵਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।