ਮਾਨਸਾ, 26 ਨਵੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਦੀ ਵੰਡ ਸਬੰਧੀ ਸਮਾਰੋਹ ਅੱਜ ਲਾਲਾ ਚਰੰਜੀ ਲਾਲ ਅਗਰਵਾਲ ਧਰਮਸ਼ਾਲਾ ਸਰਦੂਲਗੜ੍ਹ ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਹਲਕਾ ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐੱਸ ਵੱਲੋਂ ਲੋੜਵੰਦਾਂ ਨੂੰ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਕੁਮਾਰ ਜੈਨ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਇਨ੍ਹਾਂ ਸਹਾਇਕ ਉਪਕਰਨਾਂ ਨਾਲ ਦਿਵਿਆਂਗਜਨਾਂ ਨੂੰ ਕਾਫ਼ੀ ਲਾਭ ਹੋਵੇਗਾ, ਜਿਸ ਦੀ ਮਦਦ ਨਾਲ ਉਹ ਇੱਕ ਥਾਂ ਤੋਂ ਦੂਜੀ ਥਾਂ ਬਿਨ੍ਹਾਂ ਕਿਸੇ ਵਿਅਕਤੀ ਦੀ ਸਹਾਇਤਾ ਦੇ ਆ-ਜਾ ਸਕਣਗੇ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਸੁਣਨ ਦੀ ਸਮੱਸਿਆ ਸੀ, ਉਹ ਇਨ੍ਹਾਂ ਉਪਕਰਨਾਂ ਨਾਲ ਇੱਕ ਦੂਜੇ ਦੀ ਗੱਲਾਂ ਨੂੰ ਸੁਣਨ ਦੇ ਸਮਰੱਥ ਹੋਣਗੇ। ਇਸ ਲਈ ਇਹ ਸਹਾਇਕ ਉਪਕਰਨ ਲੋੜਵੰਦਾਂ ਲਈ ਕਾਫ਼ੀ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਿਵਿਆਂਗਜਨਾਂ ਅਤੇ ਬਜੁਰਗਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹਾਇਕ ਉਪਕਰਨਾਂ ਨਾਲ ਦਿਵਿਆਂਗਜਨ ਸਵੈ-ਨਿਰਭਰ ਹੋ ਸਕਦੇ ਹਨ।
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਨ੍ਹਾਂ ਉਪਕਰਨਾਂ ਦੀ ਸਹਾਇਤਾ ਨਾਲ ਦਿਵਿਆਂਗ ਜਾਂ ਬਜ਼ੁਰਗ ਵਿਅਕਤੀ ਦੀ ਜੀਵਨ ਕੁਝ ਸੁਖਾਲਾ ਹੋਵੇਗਾ ਕਿਉਂਕਿ ਪਹਿਲਾਂ ਇਨ੍ਹਾਂ ਸਹਾਇਕ ਉਪਕਰਨਾਂ ਦੀ ਕਮੀ ਕਾਰਨ ਇਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਤੰਬਰ ਦੇ ਮਹੀਨੇ ਦੌਰਾਨ ਤਿੰਨੋਂ ਸਬ-ਡਵੀਜ਼ਨਾਂ ਵਿੱਚ ਅਸੈਸਮੈਂਟ ਕੈਂਪ ਲਗਾਏ ਗਏ, ਜਿਸ ਤੋਂ ਬਾਅਦ ਇਸ ’ਤੇ ਜਲਦੀ ਕਾਰਵਾਈ ਕਰਦਿਆਂ ਅੱਜ ਲੋੜਵੰਦਾਂ ਨੂੰ ਇਹ ਸਹਾਇਕ ਉਪਕਰਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀ ਦਿਵਿਆਂਗਜਨਾ ਦੀ ਭਲਾਈ ਲਈ ਹਰ ਸੰਭਵ ਯਤਨ ਕਰੀਏ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਵੜਿੰਗ ਨੇ ਦੱਸਿਆ ਕਿ ਕੈਂਪ ਦੌਰਾਨ ਕਰੀਬ 20 ਲੱਖ ਰੁਪਏ ਦੀ ਰਾਸ਼ੀ ਖਰਚ ਕਰ ਕੇ ਕੁੱਲ 136 ਵਿਅਕਤੀਆਂ ਨੂੰ 436 ਸਹਾਇਕ ਉਪਰਕਰਨ ਵੰਡੇ ਗਏ। ਜਿਸ ਵਿੱਚ 17 ਮੋਟਰਾਈਜ਼ਡ ਸਾਈਕਲ, 10 ਟਰਾਈਸਾਈਕਲ, 17 ਵੀਲ ਚੇਅਰ, 128 ਕੰਨਾ ਵਾਲੀ ਮਸ਼ੀਨਾਂ ਤੋਂ ਇਲਾਵਾ ਪੋਲਿਓ ਕੈਲਿਪਰ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ), ਬੀ ਟੀ ਈ (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਵੀ ਸਹਾਇਕ ਉਪਕਰਨ ਦਿੱਤੇ ਗਏ।
ਇਸ ਕੈਂਪ ਵਿੱਚ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਅਲਿਮਕੋ ਮੋਹਾਲੀ ਵੱਲੋਂ ਪੀ ਐਂਡ ਓ ਅਫ਼ਸਰ ਸ਼੍ਰੀ ਅਸ਼ੋਕ ਸਾਹੂ, ਜੂਨੀਅਰ ਮੈਨੇਜਰ ਮਾਰਕਿਟਿੰਗ ਮਿਸ ਕਨਿਕਾ ਮਹਿਤਾ ਤੋਂ ਇਲਾਵਾ ਹੋਰ ਵੀ ਮੋਹਤਬਰ ਸਖ਼ਸ਼ੀਅਤਾਂ ਮੌਜੂਦ ਸਨ।
ਸਹਾਇਕ ਉਪਕਰਨ ਦਿਵਿਆਂਗ ਵਿਅਕਤੀਆਂ ਨੂੰ ਸਵੈ-ਨਿਰਭਰ ਕਰਨ ਵਿੱਚ ਸਹਾਈ-ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ


