ਮੋਗਾ, 20 ਜੂਨ (000) – ਸਥਾਨਕ ਹਸਤਕਾਰਾਂ (ਮਿੱਟੀ ਦੇ ਘੜੇ ਅਤੇ ਦੀਵੇ ਬਣਾਉਣ ਵਾਲੇ) ਦੀ ਕਲਾ ਨੂੰ ਹੋਰ ਨਿਖਾਰਨ ਅਤੇ ਉਹਨਾਂ ਨੂੰ ਆਪਣੇ ਉਤਪਾਦ ਵੇਚਣ ਲਈ ਅੰਤਰਰਾਸ਼ਟਰੀ ਬਾਜ਼ਾਰ ਮੁਹਈਆ ਕਰਵਾਉਣ ਲਈ ਤਿਆਰ ਕੀਤੇ ਗਏ ਮੋਗਾ ਟੈਰਾ-ਕੋਟਾ ਕਲੱਸਟਰ ਦੇ ਨਤੀਜੇ ਮਿਲਣ ਲੱਗੇ ਹਨ। ਕਿਸੇ ਸਮੇਂ ਹੱਥ ਨਾਲ ਸਿਰਫ਼ ਘੜੇ ਅਤੇ ਦੀਵੇ ਬਣਾਉਣ ਵਾਲੇ ਇਹ ਕਲਾਕਾਰ ਹੁਣ ਭਾਂਤ ਭਾਂਤ ਦੇ ਗਹਿਣੇ, ਗਮਲੇ, ਘੰਟੀਆਂ, ਪਲੇਟਾਂ ਅਤੇ ਹੋਰ ਸਾਮਾਨ ਬਨਾਉਣ ਲੱਗੇ ਹਨ। ਇਹਨਾਂ ਕਲਾਕਾਰਾਂ ਦੁਆਰਾ ਤਿਆਰ ਕੀਤੇ ਜਾ ਰਹੇ ਉਤਪਾਦਾਂ ਨੂੰ ਲੋਕਾਂ ਤੱਕ ਲਿਜਾਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਕ ਕੈਟਾਲਾਗ ਤਿਆਰ ਕੀਤਾ ਗਿਆ ਹੈ, ਜਿਸਨੂੰ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਆਪਣੇ ਦਫ਼ਤਰ ਵਿਖੇ ਜਾਰੀ ਕੀਤਾ।
ਦੱਸਣਯੋਗ ਹੈ ਕਿ ਗਰਾਂਟ ਥੋਰੋਂਟਨ ਵੱਲੋਂ ਸਿਦਬੀ (SIDBI) ਦੇ ਪ੍ਰੋਜੈਕਟ ਕੇਅਰ ਰਾਹੀਂ ਜ਼ਿਲ੍ਹਾ ਮੋਗਾ ਦੇ ਇਹਨਾਂ ਕਲਾਕਾਰਾਂ ਦੀ ਆਰਥਿਕ ਅਤੇ ਸਮਾਜਿਕ ਉੱਨਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਰਾਹੀਂ ਇਹਨਾਂ ਕਲਾਕਾਰਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਸਮੇਂ ਦੇ ਹਾਣ ਦੇ ਬਣਾਇਆ ਜਾ ਰਿਹਾ ਹੈ।
ਕੈਟਾਲਾਗ ਜਾਰੀ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਇਸ ਗੱਲ ਉੱਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਪ੍ਰੋਜੈਕਟ ਜਿਸ ਸੋਚ ਨਾਲ ਸ਼ੁਰੂ ਕੀਤਾ ਗਿਆ ਸੀ ਜ਼ਿਲ੍ਹਾ ਪ੍ਰਸ਼ਾਸ਼ਨ ਉਸ ਵਿੱਚ ਸਫ਼ਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਜੁੜ ਕੇ ਕਲਾਕਾਰਾਂ ਖਾਸ ਕਰਕੇ ਔਰਤਾਂ ਨੇ ਆਪਣੀ ਕਲਾ ਵਿੱਚ ਨਿਖ਼ਾਰ ਲਿਆਉਣ ਦੇ ਨਾਲ ਨਾਲ ਇਸ ਮੌਕੇ ਦਾ ਭਵਿੱਖ ਮੁਖੀ ਫਾਇਦਾ ਲਿਆ ਹੈ।
ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਮੌਜੂਦਾ ਸਮੇਂ 50 ਤੋਂ ਵਧੇਰੇ ਕਲਾਕਾਰ ਆਪਣੀ ਕਲਾ ਵਿੱਚ ਨਿਖ਼ਾਰ ਲਿਆਉਣ ਲਈ ਲੱਗੇ ਹੋਏ ਹਨ। ਇਹਨਾਂ ਵਿਚੋਂ 10 ਕਲਾਕਾਰਾਂ ਨੇ ਮਾਸਟਰ ਟ੍ਰੇਨਰ ਵਜੋਂ ਸਿਖਲਾਈ ਲੈ ਕੇ ਅੱਗੇ ਹੋਰ ਕਲਾਕਾਰਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕਲਾਕਾਰਾਂ ਨੂੰ ਕਈ ਮਾਹਿਰਾਂ ਜਿਵੇਂ ਕਿ ਗੋਰਖਪੁਰ ਦੇ ਸ਼੍ਰੀ ਹਰੀ ਓਮ, ਰਾਜਸਥਾਨ ਤੋਂ ਸ਼੍ਰੀ ਰਾਜੇਸ਼ ਜੈਨ, ਕਰਨਾਟਕਾ ਤੋਂ ਸ਼੍ਰੀਮਤੀ ਦੀਪਾ ਸੋਨਾਲੀ, ਪੰਜਾਬ ਯੂਨੀਵਰਸਿਟੀ ਤੋਂ ਸ਼੍ਰੀਮਤੀ ਸੰਤੋਸ਼ ਵਰਮਾ, ਜੰਮੂ ਕਸ਼ਮੀਰ ਤੋਂ ਸ਼੍ਰੀ ਅਜੇ ਪਾਲ ਸਿੰਘ ਅਤੇ ਹੋਰਾਂ ਨੇ ਸਿਖਲਾਈ ਦਿੱਤੀ ਹੈ। ਇਸ ਸਿਖਲਾਈ ਨਾਲ ਇਹਨਾਂ ਕਲਾਕਾਰਾਂ ਦੀ ਕਲਾ ਵਿੱਚ ਬਹੁਤ ਜ਼ਿਆਦਾ ਬਦਲਾਅ ਦੇਖਣ ਨੂੰ ਮਿਲਿਆ ਹੈ।
ਗਰਾਂਟ ਥੋਰੋਂਟਨ ਦੇ ਨੁਮਾਇੰਦੇ ਸ੍ਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ
ਇਹਨਾਂ ਦੁਆਰਾ ਤਿਆਰ ਕੀਤੇ ਜਾ ਰਹੇ ਗਹਿਣਿਆਂ ਦੀ ਲਗਾਤਾਰ ਮੰਗ ਵੱਧ ਰਹੀ ਹੈ। ਗਰਾਂਟ ਥੋਰੋਂਟਨ ਵੱਲੋਂ ਇਹਨਾਂ ਦੁਆਰਾ ਬਣਾਏ ਜਾ ਰਹੇ ਉਤਪਾਦਾਂ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਈ – ਗ੍ਰਾਮ ਸਾਈਟ ਰਾਹੀਂ ਵੀ ਇਹਨਾਂ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਇਹਨਾਂ ਕਲਾਕਾਰਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਜਾਵੇਗਾ।