ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ

Bathinda Politics Punjab

ਬਠਿੰਡਾ, 20 ਦਸੰਬਰ : ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ 21 ਦਸੰਬਰ 2024 ਨੂੰ ਹੋਣ ਜਾ ਰਹੀਆਂ ਜਨਰਲ ਤੇ ਉਪ ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਜ਼ਿਲ੍ਹਾ ਚੋਣ ਅਫਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਦੌਰਾਨ ਜ਼ਿਲ੍ਹੇ ਦੇ 39 ਵੱਖ-ਵੱਖ ਵਾਰਡਾਂ ਦੇ 65676 ਨਾਗਰਿਕ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ’ਚ 32002 ਪੁਰਸ਼, 33669 ਇਸਤਰੀਆਂ ਤੇ 5 ਥਰਡ ਜੈਂਡਰ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ 21 ਦਸੰਬਰ 2024 ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੇ ਨਤੀਜ਼ੇ ਐਲਾਨੇ ਜਾਣਗੇ।

ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਵਾਰਡਾਂ ’ਚੋਂ 152 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ’ਚ ਬਠਿੰਡਾ ਦੇ 48 ਨੰਬਰ ਵਾਰਡ ਤੋਂ 7, ਗੋਨਿਆਣਾ ਦੇ 9 ਨੰਬਰ ਵਾਰਡ ਤੋਂ 3, ਲਹਿਰਾ ਮੁਹੱਬਤ ਦੇ 3,5,8 ਅਤੇ 10 ਨੰਬਰ ਵਾਰਡ ਤੋਂ 10, ਰਾਮਪੁਰਾ ਫੂਲ ਦੇ 1-21 ਨੰਬਰ ਵਾਰਡਾਂ ਤੋਂ 93, ਕੋਠਾ ਗੁਰੂ ਦੇ 2 ਨੰਬਰ ਵਾਰਡ ਤੋਂ 3, ਭਾਈਰੂਪਾ ਦੇ 6 ਨੰਬਰ ਵਾਰਡ ਤੋਂ 3 ਅਤੇ ਤਲਵੰਡੀ ਸਾਬੋ ਦੇ 10 ਵੱਖ-ਵੱਖ ਵਾਰਡਾਂ ਤੋਂ 33 ਉਮੀਦਵਾਰ ਆਦਿ ਸ਼ਾਮਲ ਹਨ।

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ (ਵਿਕਾਸ) ਸ ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਥਾਣਾ ਦੇ ਵਾਰਡ ਨੰਬਰ 6, ਮਹਿਰਾਜ ਦੇ ਵਾਰਡ ਨੰਬਰ 8, ਕੋਠਾਗੁਰੂ ਦੇ ਵਾਰਡ ਨੰਬਰ 2 ਅਤੇ ਤਲਵੰਡੀ ਸਾਬੋ ਦੇ ਵਾਰਡ ਨੰਬਰ 5,6,9,10 ਤੇ 15 ’ਚੋਂ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਹਨ।

ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਬਠਿੰਡਾ, ਗੋਨਿਆਣਾ, ਲਹਿਰਾ ਮੁਹੱਬਤ, ਰਾਮਪੁਰਾ ਫੂਲ, ਭਾਈਰੂਪਾ, ਮੌੜ ਅਤੇ ਤਲਵੰਡੀ ਸਾਬੋ ਦੇ 39 ਵੱਖ-ਵੱਖ ਵਾਰਡਾਂ ਲਈ 65 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 450 ਦੇ ਕਰੀਬ ਚੋਣ ਅਮਲਾ ਇਨ੍ਹਾਂ ਚੋਣਾਂ ’ਚ ਤਾਇਨਾਤ ਕੀਤਾ ਗਿਆ ਹੈ।

Leave a Reply

Your email address will not be published. Required fields are marked *